ਰਾਜ ਸਭਾ 'ਚ ਬੋਲੇ ਸਪਾ ਆਗੂ, ਗਾਜ਼ੀਪੁਰ ਬਾਰਡਰ 'ਤੇ ਜੋ ਸੁਰੱਖਿਆ ਹੈ, ਉਹ ਪਾਕਿ ਬਾਰਡਰ 'ਤੇ ਵੀ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੁਸੀਂ ਜ਼ਬਰਦਸਤੀ ਕਿਸਾਨਾਂ ‘ਤੇ ਕਾਨੂੰਨ ਕਿਉਂ ਥੋਪਣਾ ਚਾਹੁੰਦੇ ਹੋ?- ਰਾਮ ਗੋਪਾਲ ਯਾਦਵ

Ramgopal Yadav

ਨਵੀਂ ਦਿੱਲੀ: ਰਾਜ ਸਭਾ ਵਿਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਤਿੰਨ ਖੇਤੀ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਮੋਦੀ ਸਰਕਾਰ ‘ਤੇ ਬਰਸੇ। ਉਹਨਾਂ ਕਿਹਾ ਕਿਸਾਨ ਸਰਕਾਰ ਨੂੰ ਅਪਣੇ ਮਨ ਦੀ ਗੱਲ ਦੱਸਣ ਆਏ ਹਨ ਪਰ ਤੁਹਾਨੂੰ ਸਿਰਫ਼ ਅਪਣੀ ਗੱਲ ਹੀ ਸੁਣਾਈ ਦਿੰਦੀ ਹੈ।

ਸਪਾ ਸੰਸਦ ਮੈਂਬਰ ਨੇ ਕਿਹਾ ਕਿ ਅੱਜ ਗਾਜ਼ੀਪੁਰ ਬਾਰਡਰ ‘ਤੇ ਦੀਵਾਰਾਂ ਬਣਾਈਆਂ ਗਈਆਂ ਹਨ, ਜੋ ਕਿ ਸੰਸਦ ਦੀ ਸੁਰੱਖਿਆ ਤੋਂ ਵੀ ਜ਼ਿਆਦਾ ਹਨ। ਕੀ ਕਿਸਾਨ ਦਿੱਲੀ ਹਮਲਾ ਕਰਨ ਆ ਰਹੇ ਹਨ? ਉਹਨਾਂ ਕਿਹਾ ਕਿ ਗਾਜ਼ੀਪੁਰ ਬਾਰਡਰ ‘ਤੇ ਜੋ ਸੁਰੱਖਿਆ ਵਿਵਸਥਾ ਹੈ, ਉਹ ਪਾਕਿਸਤਾਨ ਬਾਰਡਰ ‘ਤੇ ਵੀ ਨਹੀਂ ਹੈ। ਮੈਂ ਪਾਕਿਸਤਾਨ ਬਾਰਡਰ ਦੇਖਿਆ ਹੈ।

ਸਪਾ ਨੇਤਾ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਤੁਸੀਂ ਜ਼ਬਰਦਸਤੀ ਕਿਸਾਨਾਂ ‘ਤੇ ਕਾਨੂੰਨ ਕਿਉਂ ਥੋਪਣਾ ਚਾਹੁੰਦੇ ਹੋ। ਜੇ ਸਰਕਾਰ ਡੇਢ ਸਾਲ ਲਈ ਕਾਨੂੰਨਾਂ ਨੂੰ ਰੋਕਣ ਲਈ ਤਿਆਰ ਹੈ ਤਾਂ ਇਸ ਨੂੰ ਰੱਦ ਕਿਉਂ ਨਹੀਂ ਕਰ ਸਕਦੇ?  ਉਹਨਾਂ ਨੇ ਸਰਕਾਰ ਕੋਲ ਮੰਗ ਕੀਤੀ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਇਸ ਸੈਸ਼ਨ ਵਿਚ ਹੀ ਰੱਦ ਕਰ ਦਿੱਤਾ ਜਾਵੇ।

ਨਵੇਂ ਬਿਲ ਲਿਆਂਦੇ ਜਾਣ ਤੇ ਉਹਨਾਂ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਿਆ ਜਾਵੇ, ਫਿਰ ਬਿਲ ਪਾਸ ਕੀਤੇ ਜਾਣ। ਉਹਨਾਂ ਕਿਹਾ ਕਿਸਾਨ ਕਈ ਮਹੀਨਿਆਂ ਤੋਂ ਬੈਠੇ ਹਨ। ਕਈ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਇਹ ਸਰਕਾਰ ਬੇਰਹਿਮ ਹੋ ਗਈ ਹੈ।