'ਪਾਕਿ 'ਤੇ ਹਵਾਈ ਹਮਲੇ ਦਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਸੀ'

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਲਕਾਤਾ : ਪਾਕਿਸਤਾਨ ਵਿਚ ਅਤਿਵਾਦੀ ਸਿਖਲਾਈ ਕੈਂਪਾਂ 'ਤੇ ਹਮਲੇ ਦੌਰਾਨ ਮੌਤਾਂ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਨਰਿੰਦਰ ਮੋਦੀ ਦੇ ਮੰਤਰੀ ਐਸ.ਐਸ. ਆਹਲੂਵਾਲੀਆ...

S.S. Ahluwalia
(ਪੀਟੀਆਈ)

ਕੋਲਕਾਤਾ : ਪਾਕਿਸਤਾਨ ਵਿਚ ਅਤਿਵਾਦੀ ਸਿਖਲਾਈ ਕੈਂਪਾਂ 'ਤੇ ਹਮਲੇ ਦੌਰਾਨ ਮੌਤਾਂ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਨਰਿੰਦਰ ਮੋਦੀ ਦੇ ਮੰਤਰੀ ਐਸ.ਐਸ. ਆਹਲੂਵਾਲੀਆ ਨੇ ਇਹ ਕਹਿੰਦਿਆਂ ਥੋਥਾ ਸਾਬਤ ਕਰ ਦਿਤਾ ਕਿ ਹਮਲੇ ਦਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਸਗੋਂ ਇਕ ਸੁਨੇਹਾ ਦੇਣਾ ਸੀ ਕਿ ਭਾਰਤ ਆਪਣੇ ਦੁਸ਼ਮਣ ਦੇ ਇਲਾਕੇ ਵਿਚ ਧੁਰ ਅੰਦਰ ਤਕ ਜਾ ਕੇ ਵਾਰ ਕਰ ਸਕਦਾ ਹੈ। 
ਕੇਂਦਰੀ ਮੰਤਰੀ ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਨਾ ਹੀ ਪ੍ਰਧਾਨ ਮੰਤਰੀ ਅਤੇ ਨਾ ਹੀ ਕਿਸੇ ਸਰਕਾਰੀ ਬੁਲਾਰੇ ਨੇ ਹਮਲੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੋਈ ਅੰਕੜਾ ਪੇਸ਼ ਕੀਤਾ। ਮੌਤਾਂ ਦੀ ਗਿਣਤੀ ਬਾਰੇ ਭਾਰਤੀ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਅਪੁਸ਼ਟ ਜਾਣਕਾਰੀ ਦੇ ਆਧਾਰ 'ਤੇ ਬਹਿਸ ਹੋ ਰਹੀ ਸੀ। ਸਿਲੀਗੁੜੀ ਵਿਖੇ ਐਸ.ਐਸ. ਆਹਲੂਵਾਲੀਆ ਨੇ ਪੱਤਰਕਾਰਾਂ ਨੂੰ ਹੀ ਸਵਾਲ ਕਰ ਦਿਤਾ, ''ਅਸੀ ਭਾਰਤੀ ਮੀਡੀਆ ਅਤੇ ਕੌਮਾਂਤਰੀ ਮੀਡੀਆ ਵਿਚ ਖ਼ਬਰਾਂ ਵੇਖੀਆਂ ਅਤੇ ਇਹ ਵੀ ਵੇਖਿਆ ਕਿ ਮੋਦੀ ਜੀ ਨੇ ਕੀ ਆਖਿਆ। ਹਵਾਈ ਹਮਲੇ ਮਗਰੋਂ ਮੋਦੀ ਜੀ ਦੀ ਰੈਲੀ ਹੋਈ ਅਤੇ ਉਨ੍ਹਾਂ ਨੇ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੁਝ ਨਹੀਂ ਬੋਲਿਆ। ਮੈਂ ਪੁਛਣਾ ਚਾਹੁੰਦਾ ਹਾਂ ਕਿ ਕੀ ਮੋਦੀ ਜੀ ਜਾਂ ਕਿਸੇ ਸਰਕਾਰੀ ਬੁਲਾਰੇ ਜਾਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕੋਈ ਅੰਕੜਾ ਪੇਸ਼ ਕੀਤਾ ਹੈ?''
ਸੂਚਨਾ ਅਤੇ ਤਕਨੀਕ ਰਾਜ ਮੰਤਰੀ ਨੇ ਕਿਹਾ ਕਿ ਇਸ ਹਮਲੇ ਦਾ ਇਰਾਦਾ ਇਹ ਸੁਨੇਹਾ ਦੇਣਾ ਸੀ ਕਿ ਭਾਰਤ ਲੋੜ ਪੈਣ 'ਤੇ ਪਾਕਿਸਤਾਨ ਦੀ ਨੱਕ ਹੇਠ ਤਬਾਹੀ ਮਚਾਉਣ ਦੀ ਸਮਰੱਥਾ ਰਖਦਾ ਹੈ। ਅਸੀ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਚਾਹੁੰਦੇ ਸੀ। ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਹੱਕ ਬੈਠੇ ਬਿਠਾਏ ਬਟੇਰ ਲੱਗ ਗਿਆ ਅਤੇ ਸੀ.ਪੀ.ਐਮ. ਨੇ ਐਸ.ਐਸ.ਆਹਲੂਵਾਲੀਆ ਦੀ ਵੀਡੀਉ ਅਪਣੇ ਟਵਿਟਰ ਹੈਂਡਲ 'ਤੇ ਅਪਲੋਡ ਕਰਦਿਆਂ ਸਵਾਲ ਕੀਤਾ ਕਿ ਕੀ ਸਰਕਾਰ ਅਪਣੇ ਉਸ ਦਾਅਵੇ ਤੋਂ ਪਿੱਛੇ ਹਟ ਰਹੀ ਹੈ ਕਿ ਉਸ ਨੇ ਪਾਕਿਸਤਾਨ ਵਿਚ ਅਤਿਵਾਦੀ ਸਿਖਲਾਈ ਕੈਂਪ ਨੂੰ ਨਿਸ਼ਾਨਾ ਬਣਾਇਆ? 
(ਪੀਟੀਆਈ)