ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿਣ ਦੀ ਤਿਆਰੀ ‘ਚ ਮੋਦੀ! ਟਵੀਟ ਨੇ ਸੋਚਾਂ ‘ਚ ਪਾਏ ਲੋਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ ਪਲੇਟਫਾਰਮ ਛੱਡਣ ਬਾਰੇ ਵਿਚਾਰ ਕਰ ਰਹੇ ਹਨ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ ਪਲੇਟਫਾਰਮ ਛੱਡਣ ਬਾਰੇ ਵਿਚਾਰ ਕਰ ਰਹੇ ਹਨ। ਉਹਨਾਂ ਨੇ ਇਕ ਟਵੀਟ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਟਵੀਟ ਵਿਚ ਉਹਨਾਂ ਨੇ ਲਿਖਿਆ, ਇਸ ਐਤਵਾਰ ਨੂੰ ਫੇਸਬੁੱਕ, ਟਵਿਟਰ, ਇੰਸਟਾਗ੍ਰਮ ਅਤੇ ਯੂਟਿਊਬ ‘ਤੇ ਸੋਸ਼ਲ ਮੀਡੀਆ ਅਕਾਊਂਟਸ ਛੱਡਣ ਬਾਰੇ ਸੋਚ ਰਿਹਾ ਹਾਂ।
ਉਹਨਾਂ ਨੇ ਅਪਣੇ ਨਿੱਜੀ ਟਵਿਟਰ @narendramodi ਤੋਂ ਇਸ ਦੀ ਜਾਣਕਾਰੀ ਦਿੱਤੀ ਹੈ। ਪੀਐਮ ਮੋਦੀ ਦੇ ਇਸ ਟਵੀਟ ਨਾਲ ਲੋਕ ਹੈਰਾਨ ਹਨ। ਲੋਕ ਟਵੀਟ ਕਰਕੇ ਉਹਨਾਂ ਨੂੰ ਟਵਿਟਰ ਨਾ ਛੱਡਣ ਲਈ ਕਹਿ ਰਹੇ ਹਨ। ਪੀਐਮ ਮੋਦੀ ਦੇ ਇਸ ਟਵੀਟ ਨੂੰ ਇਕ ਘੰਟੇ ਅੰਦਰ 16.9 ਹਜ਼ਾਰ ਰੀ-ਟਵੀਟ ਅਤੇ 50.8 ਹਜ਼ਾਰ ਲਾਈਕਸ ਮਿਲੇ ਹਨ।
ਦੱਸ ਦਈਏ ਕਿ ਟਵਿਟਰ ‘ਤੇ ਪ੍ਰਧਾਨ ਮੰਤਰੀ ਮੋਦੀ ਦੇ 5 ਕਰੋੜ 33 ਲੱਖ ਅਤੇ ਫੇਸਬੁੱਕ ‘ਤੇ 4 ਕਰੋੜ 45 ਲੱਖ ਫੋਲੋਅਰਸ ਹਨ। ਇਸ ਦੇ ਨਾਲ ਹੀ ਇੰਸਟਾਗ੍ਰਾਮ ‘ਤੇ ਉਹਨਾਂ ਦੇ ਫੋਲੋਅਰਸ ਦੀ ਗਿਣਤੀ 3 ਕਰੋੜ 52 ਲੱਖ ਹੈ। ਪੀਐਮ ਮੋਦੀ ਦੇ ਇਸ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਕੀ ਸਾਡੇ ਦੇਸ਼ ਨੇ ਸੋਸ਼ਲ ਮੀਡੀਆ ਨੈੱਟਵਰਕਿੰਗ ਲਈ ਕੋਈ ਹੋਰ ਵਧੀਆ ਪਲੇਟਫਾਰਮ ਤਿਆਰ ਕਰ ਲਿਆ ਹੈ ਜੋ ਤੁਸੀਂ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਛੱਡਣ ਦੀ ਸੋਚ ਰਹੇ ਹੋ? ਜੇਕਰ ਅਜਿਹਾ ਹੈ ਤਾਂ ਠੀਕ ਨਹੀਂ ਹੈ।
ਇਕ ਯੂਜ਼ਰ ਨੇ ਲਿਖਿਆ ਕਿ ਉਹ ਇਸ ਫੈਸਲੇ ਦਾ ਸਮਰਥਨ ਕਰਦੇ ਹਨ ਅਤੇ ਉਮੀਦ ਹੈ ਕਿ ਕੋਈ ਦੇਸੀ ਪਲੇਟਫਾਰਮ ਬਣੇਗਾ। ਇਕ ਯੂਜ਼ਰ ਨੇ ਲਿਖਿਆ ਕਿ ਨਵੇਂ ਮੀਡੀਆ ਪਲੇਟਫਾਰਮ ਦੀ ਉਮੀਦ ਹੈ ਜੋ ਪੱਖਪਾਤ ਤੋਂ ਦੂਰ ਹੋਵੇਗਾ। ਪੀਐਮ ਮੋਦੀ ਦੇ ਟਵੀਟ ‘ਤੇ ਭਾਜਪਾ ਆਈਟੀ ਸੈੱਲ ਦੇ ਆਗੂ ਅਮਿਤ ਮਾਲਵੀਯ ਨੇ ਕਿਹਾ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਅਪਣੀ ਗੱਲ਼ ਰੱਖਣਗੇ।
ਉਹਨਾਂ ਨੇ ਕਿਹਾ ਕਿ ਸਾਨੂੰ ਐਤਵਾਰ ਤੱਕ ਇਸ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਯੂਟਿਊਬ ‘ਤੇ ਪੀਐਮ ਮੋਦੀ ਨੂੰ 45 ਲੱਖ ਲੋਕਾਂ ਨੇ ਸਬਸਕ੍ਰਾਇਬ ਕੀਤਾ ਹੈ। ਪੀਐਮ ਮੋਦੀ ਦੇ ਇਸ ਟਵੀਟ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉਹਨਾਂ ਨੂੰ ਨਸੀਹਤ ਦਿੱਤੀ। ਉਹਨਾਂ ਨੇ ਕਿਹਾ ਕਿ ‘ਨਫ਼ਰਤ ਨੂੰ ਛੱਡੋ, ਸੋਸ਼ਲ ਮੀਡੀਆ ਨੂੰ ਨਹੀਂ’। ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਵੀ ਇਕ ਟਵੀਟ ਜ਼ਰੀਏ ਪੀਐਮ ਮੋਦੀ ‘ਤੇ ਤਿੱਖ਼ਾ ਹਮਲਾ ਬੋਲਿਆ ਹੈ।