ਯੂਕਰੇਨ ਵਿਚ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਏ ਜਾਣ ਦੀ ਕੋਈ ਖ਼ਬਰ ਨਹੀਂ- ਭਾਰਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਸਰਕਾਰ ਨੇ ਯੂਕਰੇਨ ਵਿਚ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਉਣ ਦੇ ਰੂਸ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।

No Report Of Students Taken Hostage In Ukraine: India


ਨਵੀਂ ਦਿੱਲੀ:  ਭਾਰਤ ਸਰਕਾਰ ਨੇ ਯੂਕਰੇਨ ਵਿਚ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਉਣ ਦੇ ਰੂਸ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਦਰਅਸਲ ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਯੂਕਰੇਨੀ ਬਲਾਂ ਨੇ ਖਾਰਕੀਵ ਵਿਚ ਭਾਰਤੀ ਵਿਦਿਆਰਥੀਆਂ ਦੇ ਇਕ ਵੱਡੇ ਸਮੂਹ ਨੂੰ 'ਬੰਧਕ' ਬਣਾ ਲਿਆ ਹੈ। ਰੂਸੀ ਫੌਜ ਦੇ ਬੁਲਾਰੇ ਨੇ ਇਕ ਪ੍ਰੈਸ ਬ੍ਰੀਫਿੰਗ ਵਿਚ ਕਿਹਾ, "ਸਾਡੀ ਜਾਣਕਾਰੀ ਅਨੁਸਾਰ ਯੂਕਰੇਨੀ ਅਧਿਕਾਰੀਆਂ ਨੇ ਖਾਰਕੀਵ ਵਿਚ ਭਾਰਤੀ ਵਿਦਿਆਰਥੀਆਂ ਦੇ ਇਕ ਵੱਡੇ ਸਮੂਹ ਨੂੰ ਜ਼ਬਰਦਸਤੀ ਰੋਕ ਰੱਖਿਆ ਹੈ ਜੋ ਯੂਕਰੇਨ ਦੀ ਸਰਹੱਦ ਪਾਰ ਕਰਕੇ ਬੋਲਗੋਰੋਡ ਜਾਣਾ ਚਾਹੁੰਦੇ ਹਨ।"

Indians In Ukraine

ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਦੇ ਸਰਕਾਰੀ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਹੈ ਕਿ ਯੂਕਰੇਨ ਵਿਚ ਭਾਰਤੀਆਂ ਨੂੰ ਬੰਧਕ ਬਣਾਏ ਜਾਣ ਦੀ ਕੋਈ ਰਿਪੋਰਟ ਨਹੀਂ ਹੈ। ਉਹਨਾਂ ਦੱਸਿਆ ਕਿ ਭਾਰਤੀਆਂ ਨੂੰ ਕੱਢਣ ਲਈ ਯੂਕਰੇਨ ਦੇ ਅਧਿਕਾਰੀਆਂ ਵਲੋਂ ਪੂਰੀ ਮਦਦ ਕੀਤੀ ਜਾ ਰਹੀ ਹੈ।

Arindam Bagchi

ਬਾਗਚੀ ਨੇ ਇਹ ਵੀ ਕਿਹਾ ਕਿ ਵਿਦੇਸ਼ ਮੰਤਰਾਲਾ ਜੰਗੀ ਦੇਸ਼ 'ਚ ਮੌਜੂਦ ਭਾਰਤੀਆਂ ਨਾਲ ਲਗਾਤਾਰ ਸੰਪਰਕ 'ਚ ਹੈ। ਉਹਨਾਂ ਕਿਹਾ, "ਕਿਸੇ ਵਿਦਿਆਰਥੀ ਨੂੰ ਬੰਧਕ ਬਣਾਏ ਜਾਣ ਦੀ ਕੋਈ ਸੂਚਨਾ ਨਹੀਂ ਹੈ... ਅਸੀਂ ਯੂਕਰੇਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦਿਆਰਥੀਆਂ ਨੂੰ ਖਾਰਕੀਵ ਤੋਂ ਦੇਸ਼ ਦੀ ਪੱਛਮੀ ਸਰਹੱਦ ਨਾਲ ਲੱਗਦੇ ਦੇਸ਼ਾਂ ਤੱਕ ਲਿਜਾਣ ਲਈ ਵਿਸ਼ੇਸ਼ ਰੇਲਗੱਡੀਆਂ ਦਾ ਪ੍ਰਬੰਧ ਕਰਨ।"

Photo

ਇਸ ਤੋਂ ਪਹਿਲਾਂ ਰੂਸੀ ਫੌਜ ਦੇ ਬੁਲਾਰੇ ਨੇ ਕਿਹਾ ਸੀ, ''ਦਰਅਸਲ ਉਹਨਾਂ ਨੂੰ ਬੰਧਕ ਬਣਾਇਆ ਜਾ ਰਿਹਾ ਹੈ... ਰੂਸੀ ਹਥਿਆਰਬੰਦ ਬਲ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਨ ਅਤੇ ਉਹਨਾਂ ਨੂੰ ਰੂਸੀ ਫੌਜੀ ਜਹਾਜ਼ਾਂ ਜਾਂ ਭਾਰਤੀ ਫੌਜੀ ਜਹਾਜ਼ਾਂ ਰਾਹੀਂ ਜਿਵੇਂ ਭਾਰਤ ਸਹਿਮਤ ਹੁੰਦਾ ਹੈ, ਘਰ ਭੇਜਿਆ ਜਾਵੇਗਾ”।

Indians in Ukraine

ਰੂਸ ਦੇ ਦਾਅਵੇ ਤੋਂ ਕੁਝ ਸਮਾਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕੀਤੀ ਅਤੇ ਪੂਰਬੀ ਯੂਕਰੇਨ ਦੇ ਸ਼ਹਿਰ ਖਾਰਕੀਵ ਦੀ ਸਥਿਤੀ ਬਾਰੇ ਚਰਚਾ ਕੀਤੀ, ਜਿੱਥੇ 1,000 ਤੋਂ ਵੱਧ ਭਾਰਤੀ ਵਿਦਿਆਰਥੀ ਫਸੇ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।