ਮੋਦੀ ਵਿਰੁੱਧ ਚੋਣ ਲੜਨ ਵਾਲੇ 71 ਲੋਕਾਂ ਦੇ ਨਾਮਜ਼ਦਗ਼ੀ ਕਾਗ਼ਜ਼ ਰੱਦ
ਵਾਰਾਣਸੀ 'ਚ ਕੁਲ 102 ਲੋਕਾਂ ਨੇ ਨਾਮਜ਼ਦਗ਼ੀ ਕਾਗ਼ਜ਼ ਦਾਖ਼ਲ ਕੀਤੇ ਸਨ
ਨਵੀਂ ਦਿੱਲੀ : ਵਾਰਾਣਸੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦੇਣ ਲਈ ਕੁਲ 102 ਲੋਕਾਂ ਨੇ ਨਾਮਜ਼ਦਗ਼ੀ ਕਾਗ਼ਜ਼ ਭਰੇ ਸਨ। ਨਾਮਜ਼ਦਗ਼ੀ ਕਾਗ਼ਜ਼ ਦਾਖ਼ਲ ਕਰਵਾਉਣ ਦੇ ਅੰਤਮ ਦਿਨ 71 ਉਮੀਦਵਾਰਾਂ ਨੇ ਪਰਚਾ ਦਾਖ਼ਲ ਕਰਵਾ ਕੇ ਰਿਕਾਰਡ ਬਣਾਇਆ ਸੀ। ਇਸੇ ਕਾਰਨ ਰਾਤ 11.30 ਵਜੇ ਤਕ ਪਰਚੇ ਦਾਖ਼ਲ ਕਰਨ ਦੀ ਪ੍ਰਕਿਰਿਆ ਚਲਦੀ ਰਹੀ।
ਬਾਅਦ 'ਚ ਜਦੋਂ ਕਾਗ਼ਜ਼ਾਂ ਦੀ ਜਾਂਚ-ਪੜਤਾਲ ਕੀਤੀ ਗਈ ਤਾਂ ਉਸ 'ਚੋਂ ਫ਼ੌਜ ਤੋਂ ਬਰਖ਼ਾਸਤ ਫ਼ੌਜੀ ਤੇਜ਼ ਬਹਾਦਰ ਸਮੇਤ 71 ਲੋਕਾਂ ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ, ਜਦਕਿ 5 ਲੋਕਾਂ ਨੇ ਆਪਣੇ ਕਾਗ਼ਜ਼ ਵਾਪਸ ਲੈ ਲਏ। ਇਸ ਸਮੇਂ ਮੋਦੀ ਸਮੇਤ ਕੁਲ 26 ਉਮੀਦਵਾਰ ਚੋਣ ਮੈਦਾਨ 'ਚ ਹਨ। 27ਵਾਂ ਉਮੀਦਵਾਰ ਨੋਟਾ ਵਜੋਂ ਹੋਵੇਗਾ। ਇਨ੍ਹਾਂ ਉਮੀਦਵਾਰਾਂ 'ਚੋਂ ਮੋਦੀ ਦੀ ਅਸਲ ਟੱਕਰ ਕਾਂਗਰਸ ਦੇ ਅਜੈ ਰਾਏ ਅਤੇ ਸਪਾ-ਬਸਾ ਗਠਜੋੜ ਦੀ ਉਮੀਦਵਾਰ ਸ਼ਾਲਿਨੀ ਯਾਦਵ ਨਾਲ ਹੈ। ਬਾਕੀ 23 ਉਮੀਦਵਾਰ ਆਪਣੀ ਹੋਂਦ ਲਈ ਲੜਦੇ ਨਜ਼ਰ ਆਉਣਗੇ।
ਵਾਰਾਣਸੀ ਨਗਰ ਨਿਗਮ ਦੇ ਮੇਅਰ ਦੀ ਚੋਣ ਹਾਰ ਚੁੱਕੀ ਸ਼ਾਲਿਨੀ ਯਾਦਵ ਨੂੰ ਮੋਦੀ ਵਿਰੁੱਧ ਗਠਜੋੜ ਨੇ ਟਿਕਟ ਦਿੱਤੀ ਹੈ। ਸ਼ਾਲਿਨੀ ਯਾਦਵ ਕਾਂਗਰਸੀ ਆਗੂ ਅਤੇ ਰਾਜ ਸਭਾ ਦੇ ਉਪ ਸਭਾਪਤੀ ਰਹੇ ਸ਼ਿਆਮ ਲਾਲ ਯਾਦਵ ਦੀ ਨੂੰਹ ਹੈ।