ਤੂਫ਼ਾਨ ਫ਼ੋਨੀ ਉੜੀਸਾ ਪੁੱਜਾ, ਤਿੰਨ ਜਣਿਆਂ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰੀ ਮੀਂਹ ਤੇ ਤੇਜ਼ ਹਵਾਵਾਂ ਦਾ ਕਹਿਰ, ਕਈ ਥਾਈਂ ਪਾਣੀ ਭਰਿਆ, ਦਰੱਖ਼ਤ ਟੁੱਟੇ, ਝੁੱਗੀਆਂ ਤਬਾਹ

Cyclone Fani : 3 killed in Odisha

ਭੁਵਨੇਸ਼ਵਰ/ਕੋਲਕਾਤਾ : ਭਾਰੀ ਮੀਂਹ ਅਤੇ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਪ੍ਰਚੰਡ ਹਵਾਵਾਂ ਨਾਲ ਚੱਕਰਵਾਤੀ ਤੂਫ਼ਾਨ 'ਫ਼ੋਨੀ' ਨੇ ਸ਼ੁਕਰਵਾਰ ਸਵੇਰੇ ਉੜੀਸਾ ਤਟ 'ਤੇ ਦਸਤਕ ਦਿਤੀ ਜਿਸ ਕਾਰਨ ਘੱਟੋ ਘੱਟ ਤਿੰਨ ਜਣੇ ਮਾਰੇ ਗਏ। ਤੂਫ਼ਾਨ ਕਾਰਨ ਕਈ ਰੁੱਖ ਉਖੜ ਗਏ ਅਤੇ ਝੁੱਗੀਆਂ ਤਬਾਹ ਹੋ ਗਈਆਂ। ਨਾਲ ਹੀ ਕਈ ਸ਼ਹਿਰਾਂ ਅਤੇ ਪਿੰਡਾਂ ਵਿਚ ਪਾਣੀ ਭਰ ਗਿਆ। ਫ਼ੋਨੀ ਦਾ ਅਰਥ ਹੈ ਸੱਪ ਦਾ ਫ਼ਨ। 

ਪੁਰੀ ਜ਼ਿਲ੍ਹੇ ਦੇ ਸਖੀਗੋਪਾਲ ਵਿਚ ਇਕ ਦਰੱਖ਼ਤ ਟੁੱਟ ਕੇ ਨੌਜੁਆਨ 'ਤੇ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਨਿਆਗੜ੍ਹ ਜ਼ਿਲ੍ਹੇ 'ਚ ਸੀਮਿੰਟ ਦੇ ਢਾਂਚੇ ਦਾ ਮਲਬਾ ਉਡ ਕੇ ਇਕ ਔਰਤ ਨੂੰ ਜਾ ਵੱਜਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਕੇਂਦਰਪਾੜਾ ਜ਼ਿਲ੍ਹੇ ਦੇ ਦੇਬੇਂਦਰਨਾਰਾਇਣਪੁਰ ਪਿੰਡ ਵਿਚ ਸ਼ਰਨਾਰਥੀ ਕੈਂਪ ਵਿਚ 65 ਸਾਲਾ ਔਰਤ ਦੀ ਮੌਤ ਹੋ ਗਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਔਰਤ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਫ਼ੋਨੀ ਕਾਰਨ ਸ਼ੁਕਰਵਾਰ ਨੂੰ ਹੋਣ ਵਾਲੀਆਂ ਅਪਣੀਆਂ ਰੈਲੀਆਂ ਰੱਦ ਕਰ ਦਿਤੀਆਂ ਅਤੇ ਲੋਕਾਂ ਨੂੰ ਅਫ਼ਵਾਹਾਂ ਨਾ ਫ਼ੈਲਾਉਣ ਅਤੇ ਘਰਾਂ ਵਿਚ ਰਹਿਣ ਦੀ ਸਲਾਹ ਦਿਤੀ। ਸੰਭਾਵਨਾ ਹੈ ਕਿ ਤੂਫ਼ਾਨ ਇਸ ਸੂਬੇ ਵਿਚ ਵੀ ਕਹਿਰ ਮਚਾ ਸਕਦਾ ਹੈ। 

ਮੁੱਖ ਮੰਤਰੀ ਨੇ ਕਿਹਾ, ''ਅਸੀਂ ਪੂਰੀ ਤਰ੍ਹਾਂ ਚੌਕਸ ਹਾਂ ਅਤੇ ਹਾਲਾਤ 'ਤੇ ਨਜ਼ਰ ਰੱਖ ਰਹੇ ਹਾਂ।'' ਪਛਮੀ ਮਿਦਨਾਪੁਰ ਜ਼ਿਲ੍ਹੇ ਦੇ ਖੜਗਪੁਰ ਵਿਚ ਰਹਿ ਰਹੀ ਬੈਨਰਜੀ ਨੇ ਕਿਹਾ, ''ਮੈਂ ਆਮ ਜਨਤਾ ਨੂੰ ਇਨ੍ਹਾਂ ਦੋ ਦਿਨਾਂ ਵਿਚ ਬਾਹਰੀ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕਰਦੀ ਹਾਂ। ਜੇ ਤੁਹਾਨੂੰ ਬਾਹਰ ਜਾਣਾ ਵੀ ਪਿਆ ਤਾਂ ਬਿਜਲੀ ਦੇ ਖੰਭੇ ਅਤੇ ਨੰਗੀਆਂ ਤਾਰਾਂ 'ਤੇ ਨਜ਼ਰ ਰਖਿਉੁ। ਤੂਫ਼ਾਨ ਦੌਰਾਨ ਕੇਬਲ ਟੈਲੀਵਿਜ਼ਨ ਲਾਈਨਾਂ ਅਤੇ ਗੈਸ ਸਲੰਡਰ ਬੰਦ ਕਰ ਦਿਉ।''

ਸੂਬਾ ਸਰਕਾਰ ਨੇ ਇਸ ਖ਼ਤਰਨਾਕ ਚਕਰਵਾਤ ਤੂਫ਼ਾਨ ਨਾਲ ਨਜਿੱਠਣ ਲਈ ਅਲਰਟ ਜਾਰੀ ਕੀਤਾ ਹੈ।  ਮੁੱਖ ਮੰਤਰੀ ਨੇ ਕਿਹਾ, ''ਮੈਂ ਲੋਕਾਂ ਨੂੰ ਨਾ ਘਬਰਾਉਣ ਅਤੇ ਕਿਸੇ ਵੀ ਅਫ਼ਵਾਹ 'ਤੇ ਧਿਆਨ ਨਾ ਦੇਣ ਲਈ ਕਹਿ ਰਹੀ ਹਾਂ। ਘਬਰਾਉ ਨਾ, ਸ਼ਾਂਤ ਰਹੋ। ਪ੍ਰਸ਼ਾਸਨ ਅਲਰਟ ਹੈ ਅਤੇ ਸਮੇਂ-ਸਮੇਂ 'ਤੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ।''

ਰੇਲਗੱਡੀਆਂ ਰੱਦ, ਸਕੂਲ ਬੰਦ : ਪਛਮੀ ਬੰਗਾਲ ਸਰਕਾਰ ਨੇ ਪੂਰਬ ਅਤੇ ਪਛਮੀ ਮਿਦਨਾਪੁਰ, ਉੱਤਰ ਅਤੇ ਦਖਣੀ 24 ਪਰਗਨਾ, ਹਾਵੜਾ, ਹੁਗਲੀ, ਝਾਰਗ੍ਰਾਮ ਅਤੇ ਕੋਲਕਾਤਾ ਅਤੇ ਸੁੰਦਰਬਨ ਜ਼ਿਲ੍ਹਿਆਂ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਾਰੇ ਪ੍ਰਬੰਧ ਕੀਤੇ ਹਨ। ਸ਼ਹਿਰ ਵਿਚ ਕਈ ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਹਨ ਜਦਕਿ ਸ਼ਹਿਰ ਦਾ ਹਵਾਈ ਅੱਡਾ ਸ਼ੁਕਰਵਾਰ ਦੁਪਹਿਰ ਤਿੰਨ ਵਜੇ ਤੋਂ ਸਨਿਚਰਵਾਰ ਸਵੇਰੇ ਅੱਠ ਵਜੇ ਤਕ ਕਰੀਬ 20 ਘੰਟੇ ਲਈ ਬੰਦ ਰਹੇਗਾ। ਸਕੂਲਾਂ ਵਿਚ ਛੁੱਟੀਆਂ ਕਰ ਦਿਤੀਆਂ ਗਈਆਂ ਹਨ। ਸਿਹਤ ਵਿਭਾਗ ਨੇ ਡਾਕਟਰਾਂ ਅਤੇ ਮੁਲਾਜ਼ਮਾਂ ਦੀ ਛੁੱਟੀ 6 ਮਈ ਤਕ ਰੱਦ ਕਰ ਦਿਤੀ ਹੈ।