ਕਈ ਸੂਬਿਆਂ 'ਚ ਮੀਂਹ ਤੇ ਤੂਫ਼ਾਨ ਦਾ ਕਹਿਰ, 50 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ਸਲਾਂ ਤੇ ਸੰਪਤੀ ਦਾ ਭਾਰੀ ਨੁਕਸਾਨ, ਰਾਜਸਥਾਨ ਸੱਭ ਤੋਂ ਜ਼ਿਆਦਾ ਪ੍ਰਭਾਵਤ

Heavy rain, thunderstorm leave nearly 50 dead in 4 states

ਨਵੀਂ ਦਿੱਲੀ : ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਮਣੀਪੁਰ ਦੇ ਕਈ ਹਿੱਸਿਆਂ ਵਿਚ ਰਾਤ ਭਰ ਬੇਮੌਸਮਾ ਮੀਂਹ ਪੈਣ, ਧੂੜ ਭਰਿਆ ਤੂਫ਼ਾਨ ਚੱਲਣ ਅਤੇ ਆਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿਚ ਘੱਟੋ-ਘੱਟ 50 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਗੁਜਰਾਤ ਅਤੇ ਰਾਜਸਥਾਨ ਵਿਚ ਸੰਪਤੀ ਅਤੇ ਫ਼ਸਲਾਂ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਰਾਜਸਥਾਨ ਸੱਭ ਤੋਂ ਜ਼ਿਆਦਾ ਪ੍ਰਭਾਵਤ ਰਿਹਾ ਜਿਥੇ ਮੀਂਹ ਦੀਆਂ ਘਟਨਾਵਾਂ ਵਿਚ 21 ਜਣਿਆਂ ਦੀ ਮੌਤ ਹੋ ਗਈ। ਮੱਧ ਪ੍ਰਦੇਸ਼ ਵਿਚ ਮੀਂਹ ਕਾਰਨ 15 ਜਣਿਆਂ ਦੇ ਮਰਨ ਦੀ ਖ਼ਬਰ ਹੈ। ਗੁਜਰਾਤ ਵਿਚ 10 ਅਤੇ ਮਹਾਰਾਸ਼ਟਰ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ।  

ਉਤਰੀ ਗੁਜਰਾਤ ਵਿਚ ਜ਼ਿਆਦਾਤਰ ਮੌਤਾਂ ਬਿਜਲੀ ਡਿੱਗਣ ਅਤੇ ਦਰੱਖ਼ਤਾਂ ਦੇ ਡਿੱਗਣ ਕਾਰਨ ਹੋਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਕੌਮੀ ਰਾਹਤ ਫ਼ੰਡ ਵਿਚੋਂ ਮ੍ਰਿਤਕਾਂ ਦੇ ਪਰਵਾਰਕ ਜੀਆਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਨੂੰ ਮਨਜ਼ੂਰੀ ਦਿਤੀ ਹੈ। ਰਾਜਸਥਾਨ ਵਿਚ ਬੀਤੀ ਰਾਤ ਭਾਰੀ ਮੀਂਹ ਅਤੇ ਹਨੇਰੀ ਕਾਰਨ ਲਗਭਗ 21 ਵਿਅਕਤੀਆਂ ਦੀ ਮੌਤ ਹੋ ਗਈ। ਜੈਪੁਰ ਅਤੇ ਝਾਲਾਵਾੜ ਵਿਚ ਚਾਰ-ਚਾਰ ਵਿਅਕਤੀਆਂ ਦੀ ਮੌਤ ਹੋਈ ਜਦਕਿ ਬਾਰਾ ਅਤੇ ਉਦੈਪੁਰ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। ਰਾਜਸਥਾਨ ਸਰਕਾਰ ਨੇ ਮ੍ਰਿਤਕਾਂ ਦੇ ਪਰਵਾਰਕ ਜੀਆਂ ਨੂੰ ਚਾਰ-ਚਾਰ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। 

ਰਾਹਤ ਸਕੱਤਰ ਆਸ਼ੂਤੋਸ਼ ਨੇ ਕਿਹਾ ਕਿ ਸੂਬੇ ਵਿਚ ਤਿੰਨ-ਚਾਰ ਹੋਰ ਵਿਅਕਤੀਆਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ ਪਰ ਇਹ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਕੀ ਇਨ੍ਹਾਂ ਦੀ ਮੌਤ ਮੌਸਮੀ ਆਫ਼ਤ ਕਾਰਨ ਹੋਈ ਹੈ ਜਾਂ ਕਿਸੇ ਹੋਰ ਕਾਰਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਇਸ ਆਫ਼ਤ ਦਾ ਸ਼ਿਕਾਰ ਬਣੇ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਸਰਕਾਰ ਜੋ ਕੁੱਝ ਵੀ ਕਰ ਸਕਦੀ ਹੈ ਜ਼ਰੂਰ ਕਰੇਗੀ। ਰਾਜਸਥਾਨ ਦੇ ਗੰਗਾਨਗਰ ਅਤੇ ਹਨੁਮਾਨਗੜ੍ਹ ਸਮੇਤ ਕਈ ਇਲਾਕਿਆਂ ਵਿਚ ਗੜੇਮਾਰੀ ਹੋਈ। 

ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿਚ ਵੀ ਭਾਰੀ ਮੀਂਹ, ਬਿਜਲੀ ਡਿੱਗਣ ਅਤੇ ਗੜੇਮਾਰੀ ਹੋਣ ਕਾਰਨ ਲਗਭਗ 15 ਵਿਅਕਤੀਆਂ ਦੀ ਮੌਤ ਹੋ ਗਈ। ਮੀਂਹ ਅਤੇ ਬਿਜਲੀ ਦੀ ਲਪੇਟ ਵਿਚ ਆਉਣ ਕਾਰਨ ਇੰਦੌਰ, ਧਾਰ ਅਤੇ ਸ਼ਾਜ਼ਾਪੁਰ ਜ਼ਿਲ੍ਹੇ ਵਿਚ ਤਿੰਨ-ਤਿੰਨ, ਰਤਲਾਮ ਜ਼ਿਲ੍ਹੇ ਵਿਚ ਦੋ ਅਤੇ ਅਲੀਰਾਜਪੁਰ, ਸ਼ਾਜ਼ਾਪੁਰ, ਰਾਜਗੜ੍ਹ, ਸੀਹੋਰ ਅਤੇ ਛਿੰਦਵਾੜਾ ਜ਼ਿਲ੍ਹੇ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। ਇਨ੍ਹਾਂ ਆਫ਼ਤਾਂ ਵਿਚ ਕਈ ਹੋਰ ਵਿਅਕਤੀ ਵੀ ਗੰਭੀਰ ਜ਼ਖ਼ਮੀ ਹੋਏ ਹਨ। ਸੂਬੇ ਦੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਇਸ ਦੁਖ ਦੀ ਘੜੀ ਵਿਚ ਸੂਬਾ ਸਰਕਾਰ ਪੀੜਤ ਪਰਵਾਰਾਂ ਨਾਲ ਹੈ। 

ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ: ਮੋਦੀ
ਬੇਮੌਸਮੀ ਮੀਂਹ ਕਾਰਨ ਹੋਈਆਂ ਮੌਤਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। 

ਰਾਹੁਲ ਗਾਂਧੀ ਨੇ ਪ੍ਰਗਟਾਇਆ ਦੁਖ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੇ ਉਤਰੀ ਅਤੇ ਪਛਮੀ ਹਿੱਸੇ ਵਿਚ ਮੀਂਹ ਤੇ ਤੂਫ਼ਾਨ ਕਾਰਨ ਹੋਈਆਂ ਮੌਤਾਂ 'ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਫ਼ੇਸਬੁਕ 'ਤੇ ਪਾਈ ਪੋਸਟ ਵਿਚ ਰਾਹੁਲ ਨੇ ਕਿਹਾ ਕਿ ਦੇਸ਼ ਵਿਚ ਹੋਈਆਂ ਇਨ੍ਹਾਂ ਮੌਤਾਂ ਕਾਰਨ ਉਨ੍ਹਾਂ ਨੂੰ ਕਾਫ਼ੀ ਦੁਖ ਪੁੱਜਾ ਹੈ ਅਤੇ ਉਹ ਪੀੜਤ ਪਰਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਨ। 

ਪ੍ਰਭਾਵਤ ਇਲਾਕਿਆਂ 'ਤੇ ਸਾਡੀ ਨਜ਼ਰ: ਰਾਜਨਾਥ
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਮੀਂਹ ਅਤੇ ਤੂਫ਼ਾਨ ਕਾਰਨ ਪ੍ਰਭਾਵਤ ਹੋਏ ਖੇਤਰਾਂ 'ਤੇ ਨਜ਼ਰ ਰੱਖ ਰਹੀ ਹੈ ਅਤੇ ਸਰਕਾਰ ਪ੍ਰਭਾਵਤ ਸੂਬਿਆਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਤ ਇਲਾਕਿਆਂ 'ਤੇ ਗ੍ਰਹਿ ਮੰਤਰਾਲਾ ਨਜ਼ਰ ਰੱਖ ਰਿਹਾ ਹੈ।