ਤੇਜ਼ੀ ਨਾਲ ਵੱਧ ਰਿਹੈ ‘ਫ਼ਾਨੀ’ ਤੂਫ਼ਾਨ, ਮੋਦੀ ਵਲੋਂ ਚੌਕਸ ਰਹਿਣ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਗਲੇ 24 ਘੰਟਿਆਂ ‘ਚ ਵਿਗੜ ਸਕਦੇ ਨੇ ਹਾਲਾਤ

Cyclone Fani

ਨਵੀਂ ਦਿੱਲੀ: ਬੰਗਾਲ ਦੀ ਖਾੜੀ ਵਿਚ ਬਣੇ ਘੱਟ ਦਬਾਅ ਖੇਤਰ ਤੋਂ ਪੈਦਾ ਹੋਏ ਚੱਕਰਵਰਤੀ ਤੂਫ਼ਾਨ ‘ਫ਼ਾਨੀ’ ਨੂੰ ਲੈ ਕੇ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ਇਲਾਕੇ ਵਿਚ ਖਤਰਾ ਹੋਰ ਵੀ ਵੱਧ ਗਿਆ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੰਤਾ ਜ਼ਾਹਰ ਕਰਦੇ ਹੋਏ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਚੌਕਸ ਰਹਿਣ ਦੇ ਹੁਕਮ ਦਿਤੇ ਹਨ। ਦੱਸ ਦਈਏ ਕਿ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ਇਲਾਕਿਆਂ ਵਿਚ ਫ਼ਾਨੀ ਤੂਫ਼ਾਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।

ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿਚ ਸਥਿਤੀ ਖਰਾਬ ਹੋ ਸਕਦੀ ਹੈ ਤੇ ਖ਼ਤਰਾ ਵੱਧ ਸਕਦਾ ਹੈ। ਜਾਣਕਾਰੀ ਮੁਤਾਬਕ, ਫ਼ਾਨੀ, ਤ੍ਰਿੰਕੋਮਾਲੀ (ਸ਼੍ਰੀਲੰਕਾ) ਤੋਂ ਲਗਭੱਗ 750 ਕਿੱਲੋਮੀਟਰ ਦੱਖਣੀ-ਪੂਰਬ ਵਿਚ, ਚੇਨੱਈ ਤੋਂ 1,080 ਕਿੱਲੋਮੀਟਰ ਦੱਖਣ-ਪੂਰਬੀ ਤੇ ਮਛਲੀਪੱਟਨਮ (ਆਂਧਰਾ ਪ੍ਰਦੇਸ਼) ਤੋਂ 1,260 ਕਿੱਲੋਮੀਟਰ ਦੱਖਣ-ਪੂਰਬੀ ਦਿਸ਼ਾ ਵਿਚ ਕੇਂਦਰਿਤ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਂਦੀ 30 ਅਪ੍ਰੈਲ ਤੱਕ ਫ਼ਾਨੀ ਦੇ ਉੱਤਰ-ਪੱਛਮੀ ਤੇ ਇਸ ਮਗਰੋਂ ਉੱਤਰੀ ਦਿਸ਼ਾ ਵੱਲ ਵਧਣ ਦੀ ਸੰਭਾਵਨਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਉੜੀਸਾ ਤੇ ਬੰਗਲਾਦੇਸ਼ ਦੇ ਸਮੁੰਦਰੀ ਕੰਢੇ ਵਾਲੇ ਇਲਾਕਿਆਂ ਵੱਲ ਵਧਣ ਨਾਲ ਇਹ ਚੱਕਰਵਰਤੀ ਤੂਫ਼ਾਨ ਆਂਧਰਾ ਪ੍ਰਦੇਸ਼ ਵਿਚ 200 ਤੋਂ 300 ਕਿੱਲੋਮੀਟਰ ਤੱਕ ਅੰਦਰ ਆ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਵਿਚ 30 ਅਪ੍ਰੈਲ ਤੇ 1 ਮਈ ਨੂੰ ਭਾਰੀ ਬਾਰਿਸ਼ ਹੋ ਸਕਦੀ ਹੈ।