ਤੇਜ਼ ਤੂਫ਼ਾਨ ਵਿਚਕਾਰ ਉੜੀਸਾ 'ਚ ਜਨਮੀ ਬੱਚੀ, ਮਾਪਿਆਂ ਨੇ ਨਾਂ ਰੱਖਿਆ 'ਫ਼ਾਨੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ੁਕਰਵਾਰ ਨੂੰ ਤੇਜ਼ ਤੂਫ਼ਾਨ ਵਿਚਕਾਰ ਰੇਲਵੇ ਹਸਪਤਾਲ 'ਚ ਸਵੇਰੇ 11.30 ਵਜੇ ਬੱਚੀ ਦਾ ਜਨਮ ਹੋਇਆ

Odisha: Newborn girl named after Cyclone Fani

ਪੁਰੀ : ‘ਫ਼ਾਨੀ’ ਤੂਫ਼ਾਨ ਨੇ ਭਾਰਤ ਵਿਚ ਵੱਡੀ ਤਬਾਹੀ ਦੇ ਨਾਲ ਦਸਤਕ ਦੇ ਦਿੱਤੀ ਹੈ। ਸ਼ੁਕਰਵਾਰ ਸਵੇਰੇ ਲਗਭਗ 9 ਵਜੇ ਚੱਕਰਵਾਤ ‘ਫ਼ਾਨੀ’ ਉੜੀਸਾ ਤੱਟ ਨਾਲ ਟਕਰਾਇਆ। ਮੌਸਮ ਵਿਭਾਗ ਮੁਤਾਬਕ ਉੜੀਸਾ ਦੇ ਪੁਰੀ ਸਮੇਤ ਕਈ ਇਲਾਕਿਆਂ ਵਿਚ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਸੂਬਾ ਸਰਕਾਰ ਨੇ ਉੜੀਸਾ 'ਚ ਲਗਭਗ 11 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਹੈ। ਨਾਲ ਹੀ ਬਾਕੀ ਲੋਕਾਂ ਨੂੰ ਘਰ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ।

ਇਸ ਘਟਨਾ ਵਿਚਕਾਰ ਭੁਵਨੇਸ਼ਵਰ 'ਚ ਇਕ 32 ਸਾਲਾ ਔਰਤ ਨੇ ਹਸਪਤਾਲ 'ਚ ਬੱਚੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਇਸੇ ਤੂਫ਼ਾਨ ਦਾ ਨਾਂ ਮਤਲਬ 'ਫ਼ਾਨੀ' ਰੱਖ ਦਿੱਤਾ ਹੈ। ਜਾਣਕਾਰੀ ਮੁਤਾਬਕ ਸ਼ੁਕਰਵਾਰ ਨੂੰ ਤੇਜ਼ ਤੂਫ਼ਾਨ ਵਿਚਕਾਰ ਰੇਲਵੇ ਹਸਪਤਾਲ 'ਚ ਸਵੇਰੇ 11.30 ਵਜੇ ਇਸ ਬੱਚੀ ਦਾ ਜਨਮ ਹੋਇਆ। ਮਹਿਲਾ ਰੇਲਵੇ ਮੁਲਾਜ਼ਮ ਹੈ, ਜੋ ਕੋਚ ਰਿਪੇਅਰ ਵਰਕਸ਼ਾਪ ਮੰਚੇਸ਼ਵਰ 'ਚ ਹੈਲਪਰ ਵਜੋਂ ਤਾਇਨਾਤ ਹੈ। ਰੇਲਵੇ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਂ-ਬੇਟੀ ਦੋਵੇਂ ਠੀਕ ਹਨ।

ਜ਼ਿਕਰਯੋਗ ਹੈ ਕਿ ਉੜੀਸ 'ਚ ਫ਼ਾਨੀ ਤੂਫ਼ਾਨ ਕਾਰਨ 3 ਲੋਕਾਂ ਦੀ ਮੌਤ ਹੋਈ ਹੈ, ਜਦਕਿ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਹਜ਼ਾਰਾਂ ਦਰੱਖ਼ਤ ਅਤੇ ਖੰਭੇ ਡਿੱਗ ਗਏ ਹਨ। ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਇਸ ਤੂਫ਼ਾਨ ਦੇ ਮੱਦੇਨਜ਼ਰ ਫ਼ੌਜ ਨੂੰ ਅਲਰਟ ’ਤੇ ਰੱਖਿਆ ਗਿਆ ਹੈ। 223 ਟਰੇਨਾਂ ਰੱਦ ਕਰ ਦਿਤੀਆਂ ਗਈਆਂ ਹਨ। ਤੱਟੀ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ‘ਫ਼ਾਨੀ’ ਤੂਫ਼ਾਨ ਕਰਕੇ ਉੜੀਸਾ ਦੇ ਲਗਭਗ 10,000 ਪਿੰਡ ਅਤੇ 52 ਸ਼ਹਿਰ ਪ੍ਰਭਾਵਿਤ ਹੋਏ ਹਨ।