ਰਾਕੇਸ਼ ਟਿਕੈਤ ’ਤੇ ਮਹਾਂਪੰਚਾਇਤ ਕਰਨ ਦੇ ਦੋਸ਼ ’ਚ ਧਾਰਾ 144 ਦੀ ਉਲੰਘਣਾ ਕਰਨ ਦਾ ਮਾਮਲਾ ਦਰਜ
ਟਿਕੈਤ ਅਤੇ ਬੀ.ਕੇ.ਯੂ. ਦੇ ਕੁੱਝ ਹੋਰ ਨੇਤਾਵਾਂ ਨੇ ਸਨਿਚਰਵਾਰ ਨੂੰ ਅੰਬਾਲਾ ਕੈਂਟ ਨੇੜੇ ਧੁਰਾਲੀ ਪਿੰਡ ’ਚ ‘ਕਿਸਾਨ ਮਜ਼ਦੂਰ ਮਹਾਂਪੰਚਾਇਤ’ ਨੂੰ ਸੰਬੋਧਨ ਕੀਤਾ ਸੀ।
ਅੰਬਾਲਾ : ਹਰਿਆਣਾ ਪੁਲਿਸ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਦਾ ਉਲੰਘਣ ਕਰਦੇ ਹੋਏ ਇਥੇ ਇਕ ਪਿੰਡ ’ਚ ‘ਮਹਾਂਪੰਚਾਇਤ’ ਕਰਨ ਦੇ ਦੋਸ਼ ’ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਅਤੇ 12 ਹੋਰ ਵਿਰੁਧ ਮਾਮਲਾ ਦਰਜ ਕੀਤਾ ਹੈ। ਟਿਕੈਤ ਅਤੇ ਬੀ.ਕੇ.ਯੂ. ਦੇ ਕੁੱਝ ਹੋਰ ਨੇਤਾਵਾਂ ਨੇ ਸਨਿਚਰਵਾਰ ਨੂੰ ਅੰਬਾਲਾ ਕੈਂਟ ਨੇੜੇ ਧੁਰਾਲੀ ਪਿੰਡ ’ਚ ‘ਕਿਸਾਨ ਮਜ਼ਦੂਰ ਮਹਾਂਪੰਚਾਇਤ’ ਨੂੰ ਸੰਬੋਧਨ ਕੀਤਾ ਸੀ।
ਪੁਲਿਸ ਨੇ ਜਿਨ੍ਹਾਂ ਹੋਰ 12 ਕਿਸਾਨ ਆਗੂਆਂ ’ਤੇ ਮਾਮਲਾ ਦਰਜ ਕੀਤਾ ਹੈ, ਉਨ੍ਹਾਂ ’ਚ ਰਤਨ ਮਾਨ ਸਿੰਘ, ਬਲਦੇਵ ਸਿੰਘ ਅਤੇ ਜਸਮੇਰ ਸੈਨੀ ਸ਼ਾਮਲ ਹਨ। ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਬੇਕਾਬੂ ਵਾਧੇ ਦੇ ਮੱਦੇਨਜਰ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਲਾਗੂ ਕੀਤੀ ਸੀ, ਜਿਸ ਦੇ ਅਧੀਨ 4 ਜਾਂ ਉਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਹੈ।
ਪੁਲਿਸ ਨੇ ਕਿਹਾ ਕਿ ਧਾਰਾ 144 ਲਾਗੂ ਹੋਣ ਕਾਰਨ ਸਹਾਇਕ ਸਬ ਇੰਸਪੈਕਟਰ ਚਾਂਦੀ ਸਿੰਘ ਨੇ ਬੀ.ਕੇ.ਯੂ. ਨੇਤਾਵਾਂ ਨੂੰ ‘ਮਹਾਪੰਚਾਇਤ’ ਨਾ ਕਰਨ ਨੂੰ ਲੈ ਕੇ ਅਪੀਲ ਕੀਤੀ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ,‘‘ਹਾਲਾਂਕਿ ਬੀ.ਕੇ.ਯੂ. ਆਗੂ ਨਹੀਂ ਮੰਨੇ ਅਤੇ ਉਨ੍ਹਾਂ ਨੇ ਮਹਾਪੰਚਾਇਤ ਕੀਤੀ।’’ ਸਹਾਇਕ ਸਬ ਇੰਸਪੈਕਟਰ ਦੀ ਸ਼ਿਕਾਇਤ ’ਤੇ ਟਿਕੈਤ ਅਤੇ 12 ਹੋਰ ਕਿਸਾਨ ਆਗੂਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀ ਨੇ ਕਿਹਾ,‘‘ਉਨ੍ਹਾਂ ਨੇ ਧਾਰਾ 144 ਦੇ ਅਧੀਨ ਆਦੇਸ਼ਾਂ ਦਾ ਉਲੰਘਣ ਕੀਤਾ। ਨਾਲ ਹੀ ਆਈ.ਪੀ.ਸੀ. ਦੀ ਧਾਰਾ 188 ਦੇ ਅਧੀਨ ਜ਼ਿਲ੍ਹਾ ਮੈਜਿਸਟਰੇਟ ਵਲੋਂ ਲਾਗੂ ਆਦੇਸ਼ਾਂ ਦਾ ਵੀ ਉਲੰਘਣ ਕੀਤਾ। ਸ਼ਿਕਾਇਤ ’ਚ ਆਈ.ਪੀ.ਸੀ. ਦੀ ਧਾਰਾ 269 ਅਤੇ 270 ਵੀ ਜੋੜੀ ਗਈ ਹੈ।’’