ਸ਼ਿਲਾਂਗ 'ਚ ਰਾਤ ਭਰ ਚੱਲੀ ਹਿੰਸਾ, ਕਰਫ਼ਿਊ ਜਾਰੀ
ਸ਼ਿਲਾਂਗ ਦੇ ਕੁੱਝ ਹਿੱਸਿਆਂ 'ਚ ਅੱਜ ਦੂਜੇ ਦਿਨ ਵੀ ਕਰਫ਼ਿਊ ਜਾਰੀ ਰਿਹਾ। ਇੱਥੇ ਸਾਰੀ ਰਾਤ ਵਾਪਰੀ ਹਿੰਸਾ ਦੌਰਾਨ ਭੜਕੀ ਭੀੜ ਨੇ ਇਕ ਦੁਕਾਨ ਅਤੇ ਇਕ ਮਕਾਨ...
ਸ਼ਿਲਾਂਗ: ਸ਼ਿਲਾਂਗ ਦੇ ਕੁੱਝ ਹਿੱਸਿਆਂ 'ਚ ਅੱਜ ਦੂਜੇ ਦਿਨ ਵੀ ਕਰਫ਼ਿਊ ਜਾਰੀ ਰਿਹਾ। ਇੱਥੇ ਸਾਰੀ ਰਾਤ ਵਾਪਰੀ ਹਿੰਸਾ ਦੌਰਾਨ ਭੜਕੀ ਭੀੜ ਨੇ ਇਕ ਦੁਕਾਨ ਅਤੇ ਇਕ ਮਕਾਨ ਨੂੰ ਅੱਗ ਦੇ ਹਵਾਲੇ ਕਰ ਦਿਤਾ ਅਤੇ ਘੱਟ ਤੋਂ ਘੱਟ ਪੰਜ ਗੱਡੀਆਂ ਦੀ ਤੋੜਭੰਨ ਕੀਤੀ। ਇਸ ਹਿੰਸਾ 'ਚ ਇਕ ਸੀਨੀਅਰ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋ ਗਿਆ।
ਅਸ਼ਾਂਤ ਇਲਾਕਿਆਂ 'ਚ ਫ਼ੌਜ ਨੇ ਫ਼ਲੈਗਮਾਰਚ ਕਢਿਆ ਅਤੇ ਸਾਰੀ ਰਾਤ ਹੋਈ ਹਿੰਸਾ ਅਤੇ ਅੱਗਜ਼ਨੀ ਤੋਂ ਬਾਅਦ 500 ਲੋਕਾਂ ਨੂੰ ਬਚਾਇਆ ਗਿਆ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ ਵੀਰਵਾਰ ਨੂੰ ਸ਼ਿਲਾਂਗ ਵਿਚ ਜਨਤਕ ਥਾਂ 'ਤੇ ਪਾਣੀ ਭਰ ਰਹੀਆਂ ਸਿੱਖ ਔਰਤਾਂ ਉੱਤੇ ਬੱਸ ਚੜ੍ਹਾਉਣ ਤੋਂ ਬਾਅਦ ਇਹ ਲੜਾਈ ਸ਼ੁਰੂ ਹੋਈ ਸੀ। ਸ਼ਿਲਾਂਗ ਵਿਚ 350 ਦੇ ਕਰੀਬ ਸਿੱਖ ਪ੍ਰਵਾਰ ਰਹਿੰਦੇ ਹਨ। ਇਥੇ ਸਥਿਤ ਗੁਰਦੁਆਰੇ 'ਤੇ ਸਥਾਨਕ ਲੋਕਾਂ ਵਲੋਂ ਹਮਲੇ ਕਰ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਕਈ ਸਿੱਖਾਂ ਦੇ ਘਰਾਂ ਵਿਚ ਭੰਨਤੋੜ ਦੀ ਵੀ ਕੋਸ਼ਿਸ਼ ਕੀਤੀ ਗਈ। ਥੇਮ ਮੋਟੋਰ ਇਲਾਕੇ 'ਚ ਭੜਕੀਆਂ ਸਿੱਖ ਔਰਤਾਂ ਨੇ ਬਸ ਡਰਾਈਵਰ ਦੇ ਨਾਬਾਲਗ਼ ਪੁੱਤਰ 'ਤੇ ਪੱਥਰਾਂ ਨਾਲ ਹਮਲਾ ਕਰ ਦਿਤਾ ਜੋ ਬੱਸ ਚਲਾ ਰਿਹਾ ਸੀ। ਇਸ ਤੋਂ ਬਾਅਦ ਮੂਲ ਨਿਵਾਸੀ ਖਾਸੀ ਲੋਕਾਂ ਅਤੇ ਸਿੱਖਾਂ ਵਿਚਕਾਰ ਝੜੱਪ ਸ਼ੁਰੂ ਹੋ ਗਈ ਸੀ। ਇਸ ਝੜੱਪ ਨੇ ਉਦੋਂ ਹਿੰਸਕ ਰੂਪ ਲੈ ਲਿਆ ਜਦੋਂ ਸੋਸ਼ਲ ਮੀਡੀਆ ਉਤੇ ਇਹ ਅਫ਼ਵਾਹ ਫੈਲਾਈ ਗਈ ਕਿ ਜ਼ਖ਼ਮੀ ਦੀ ਮੌਤ ਹੋ ਗਈ ਜਿਸ ਨਾਲ ਥੇਮ ਮੋਟੋਰ 'ਚ ਬਸ ਚਾਲਕਾਂ ਦਾ ਸਮੂਹ ਇਕੱਠਾ ਹੋ ਗਿਆ।
ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਹੰਝੂ ਗੈਸ ਦੇ ਗੋਲ ਛੱਡਣੇ ਪਏ। ਕਲ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਸ਼ਹਿਰ 'ਚ ਕਰਫ਼ਿਊ ਲਾਇਆ ਗਿਆ ਸੀ।
ਡਿਊਟੀ ਤੇ ਮੌਜੂਦ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਸੂਪਰਡੈਂਟ (ਸ਼ਹਿਰ) ਸਟੀਫ਼ਨ ਰਿੰਜਾ ਉਤੇ ਇਕ ਰਾਡ ਨਾਲ ਵਾਰ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਿਲਾਂਗ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਹਿੰਸਾ 'ਚ ਪੁਲਿਸ ਮੁਲਾਜ਼ਮ ਸਮੇਤ ਘੱਟ ਤੋਂ ਘੱਟ 10 ਵਿਅਕਤੀ ਜ਼ਖ਼ਮੀ ਹੋ ਗਏ ਜਿਸ ਤੋਂ ਬਾਅਦ ਇਲਾਕੇ 'ਚ ਕਥਿਤ ਤੌਰ ਤੇ ਨਾਜਾਇਜ਼ ਤੌਰ ਤੇ ਰਹਿ ਰਹੇ ਲੋਕਾਂ ਵਿਰੁਧ ਕਾਰਵਾਈ ਕਰਨ ਦੀ ਮੰਗ ਉੱਠਣ ਲੱਗੀ। ਜਦਕਿ ਸ਼ਹਿਰ ਦੇ ਅਸ਼ਾਂਤ ਮੋਟਫ਼ਰਨ ਇਲਾਕੇ 'ਚ ਪੱਥਰਬਾਜ਼ਾਂ ਨੇ ਸੂਬਾ ਪੁਲਿਸ ਮੁਲਾਜ਼ਮਾਂ ਉਤੇ ਹਮਲਾ ਕੀਤਾ। ਅਧਿਕਾਰੀ ਨੇ ਕਿਹਾ ਕਿ ਦੰਗਾਈਆਂ ਨੂੰ ਹਟਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ ਗਏ ਪਰ ਦੂਜੇ ਹਿੱਸੇ ਦੇ ਲੋਕਾਂ ਨੇ ਇਸ ਨੂੰ ਪੁਲਿਸ ਦੀ ਗੋਲੀਬਾਰੀ ਸਮਝ ਲਿਆ।
ਸ਼ਿਲਾਂਗ ਦੇ ਸਿੱਖਾਂ ਨੇ ਐਸ.ਜੀ.ਪੀ.ਸੀ. ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਦਦ ਮੰਗੀ ਹੈ। ਮੇਘਾਲਿਆ ਦੇ ਮੁੱਖ ਮੰਤਰੀ ਨਾਲ ਪੰਜਾਬ ਦੇ ਸੀ.ਐਮ. ਕੈਪਟਨ ਅਮਰਿੰਦਰ ਸਿੰਘ ਨੇ ਵੀ ਗੱਲਬਾਤ ਕੀਤੀ ਲਤੇ ਹਾਲਾਤ ਦਾ ਜਾਇਜ਼ਾ ਲਿਆ।ਤਿੰਨ ਸਥਾਨਕ ਮੁੰਡਿਆਂ ਨਾਲ ਹੋਈ ਕੁੱਟਮਾਰ 'ਚ ਸ਼ਾਮਲ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਅਫ਼ਵਾਹਾਂ ਨੂੰ ਰੋਕਣ ਲਈ ਇੰਟਰਨੈੱਟ ਸੇਵਾਵਾਂ ਨੂੰ ਅੱਜ ਵੀ ਮੁਅੱਤਲ ਰਖਿਆ ਗਿਆ ਹੈ। (ਏਜੰਸੀਆਂ)