ਮਾਰਚ 2020 ਤਕ ਦੇਸ਼ ਭਰ ਦੇ 84 ਹਵਾਈ ਅੱਡਿਆਂ 'ਚ ਲੱਗਣਗੇ ਬਾਡੀ ਸਕੈਨਰ

ਏਜੰਸੀ

ਖ਼ਬਰਾਂ, ਵਪਾਰ

ਬਿਊਰੋ ਆਫ਼ ਸਿਵਲ ਐਵੀਏਸ਼ਨ ਸਕਿਊਰਿਟੀ ਨੇ ਸਾਰੇ ਹਵਾਈ ਅੱਡਿਆਂ ਨੂੰ ਭੇਜੇ ਸਰਕੁਲਰ

84 airports to install body scanners by March 2020

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਦੇਸ਼ ਭਰ ਦੇ 84 ਹਵਾਈ ਅੱਡਿਆਂ 'ਚ ਮਾਰਚ 2020 ਤਕ ਬਾਡੀ ਸਕੈਨਰ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਕ ਅਧਿਕਾਰਕ ਦਸਤਾਵੇਜ਼ ਮੁਤਾਬਕ ਧਾਤ ਦੀਆਂ ਵਸਤਾਂ ਦਾ ਪਤਾ ਲਗਾਉਣ ਲਈ ਹੱਥ ਨਾਲ ਲਈ ਜਾਣ ਵਾਲੀ ਤਲਾਸ਼ੀ ਤੋਂ ਇਲਾਵਾ ਹੱਥਾਂ 'ਚ ਫੜੇ ਜਾਣ ਵਾਲੇ ਸਕੈਨਰ ਅਤੇ ਦਰਵਾਜ਼ਾਨੁਮਾ ਮੈਟਲ ਡਿਟੈਕਟਰ ਦੀ ਥਾਂ ਬਾਡੀ ਸਕੈਨਰ ਲਗਾਏ ਜਾਣਗੇ।

ਬਿਊਰੋ ਆਫ਼ ਸਿਵਲ ਐਵੀਏਸ਼ਨ ਸਕਿਊਰਿਟੀ (ਬੀ.ਸੀ.ਏ.ਐਸ.) ਵੱਲੋਂ ਸਾਰੇ ਹਵਾਈ ਅੱਡਿਆਂ ਨੂੰ ਇਸ ਸਾਲ ਅਪ੍ਰੈਲ 'ਚ ਭੇਜੇ ਗਏ ਸਰਕੁਲਰ 'ਚ ਕਿਹਾ ਗਿਆ ਹੈ, "ਵਾਕ ਥਰੂ ਮੈਟਲ ਡਿਟੈਕਟਰ ਅਤੇ ਹੱਥ 'ਚ ਫੜੇ ਜਾਣ ਵਾਲੇ ਡਿਟੈਕਟਰ ਗ਼ੈਰ-ਧਾਤ ਹਥਿਆਰਾਂ ਤੇ ਵਿਸਫ਼ੋਟਕਾਂ ਦਾ ਪਤਾ ਨਹੀਂ ਲਗਾ ਸਕਦੇ। ਬਾਡੀ ਸਕੈਨਰ ਸਰੀਰ 'ਚ ਲੁਕਾਏ ਗਏ ਧਾਤ ਤੇ ਗ਼ੈਰ-ਧਾਤ ਵਸਤਾਂ ਦਾ ਪਤਾ ਲਗਾ ਸਕਦੇ ਹਨ।"

ਸਰਕੁਲਰ 'ਚ 84 ਹਵਾਈ ਅੱਡਿਆਂ ਲਈ ਬਾਡੀ ਸਕੈਨਰ ਦੀ ਵਰਤੋਂ ਕਰਨ ਦੌਰਾਨ ਵਰਤੇ ਜਾਣ ਵਾਲੇ ਜ਼ਰੂਰੀ ਨਿਯਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮੌਜੂਦਾ ਸਮੇਂ 'ਚ ਦੇਸ਼ ਦੇ ਲਗਭਗ 105 ਹਵਾਈ ਅੱਡਿਆਂ 'ਚੋਂ 28 ਨੂੰ ਅਤਿ ਸੰਵੇਦਨਸ਼ੀਲ ਮੰਨਿਆ ਗਿਆ ਹੈ, ਜਿਨ੍ਹਾਂ 'ਚ ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਜਿਹੇ ਵੱਡੇ ਸ਼ਹਿਰ ਅਤੇ ਜੰਮੂ-ਕਸ਼ਮੀਰ ਤੇ ਪੂਰਬੀ-ਉੱਤਰੀ ਖੇਤਰਾਂ ਦੇ ਹਵਾਈ ਅੱਡੇ ਸ਼ਾਮਲ ਹਨ।