ਨੀਰਵ ਮੋਦੀ ਵਿਰੁਧ ਸ਼ਿਕੰਜਾ, ਇੰਟਰਪੋਲ ਨੇ ਜਾਰੀ ਕੀਤਾ ਰੈੱਡ ਕਾਰਨਰ ਨੋਟਿਸ
ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ 13,000 ਕਰੋੜ ਰੁਪਏ ਦੇ ਘੋਟਾਲੇ 'ਚ ਮੁੱਖ ਦੋਸ਼ੀ ਨੀਰਵ ਮੋਦੀ 'ਤੇ ਸ਼ਿਕੰਜਾ ਕੱਸ ਗਿਆ.........
ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ 13,000 ਕਰੋੜ ਰੁਪਏ ਦੇ ਘੋਟਾਲੇ 'ਚ ਮੁੱਖ ਦੋਸ਼ੀ ਨੀਰਵ ਮੋਦੀ 'ਤੇ ਸ਼ਿਕੰਜਾ ਕੱਸ ਗਿਆ ਹੈ। ਸੀ. ਬੀ. ਆਈ. ਦੀ ਅਪੀਲ 'ਤੇ ਇੰਟਰਪੋਲ ਨੇ ਨੀਰਵ ਮੋਦੀ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ। ਇੰਟਰਪੋਲ ਵੱਲੋਂ ਜਾਰੀ ਕੀਤੇ ਗਏ ਰੈੱਡ ਕਾਰਨਰ ਨੋਟਿਸ ਦਾ ਮਤਲਬ ਹੈ ਕਿ ਇੰਟਰਪੋਲ 'ਚ ਸ਼ਾਮਲ ਦੇਸ਼ਾਂ ਨੂੰ ਇਹ ਕਿਹਾ ਜਾਵੇਗਾ ਕਿ ਉਹ ਭਾਰਤ 'ਚ ਲੋੜੀਂਦੇ ਦੋਸ਼ੀ 'ਤੇ ਨਜ਼ਰ ਰੱਖਣ ਅਤੇ ਉਸ ਦੀ ਜਾਣਕਾਰੀ ਦੇਣ।
ਕੌਮਾਂਤਰੀ ਅਪਰਾਧਿਕ ਪੁਲਸ ਸੰਗਠਨ (ਇੰਟਰਪੋਲ) ਨੇ ਸੋਮਵਾਰ ਨੂੰ ਨੀਰਵ ਮੋਦੀ ਖਿਲਾਫ ਰੈੱਡ ਕਾਰਨਰ ਨੋਟਿਸ (ਆਰ. ਸੀ. ਐੱਨ.) ਜਾਰੀ ਕੀਤਾ ਹੈ। ਨੀਰਵ ਮੋਦੀ ਦੇ ਇਲਾਵਾ, ਇੰਟਰਪੋਲ ਵੱਲੋਂ ਉਸ ਦੇ ਭਰਾ ਨੀਸ਼ਲ ਮੋਦੀ ਅਤੇ ਨੇੜਲੇ ਸਹਿਯੋਗੀ ਸੁਭਾਸ਼ ਪਰਭ ਖਿਲਾਫ ਵੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪਿਛਲੇ ਮਹੀਨੇ ਸੀ. ਬੀ. ਆਈ. ਨੀਰਵ ਮੋਦੀ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਲਈ ਇੰਟਰਪੋਲ ਪਹੁੰਚੀ ਸੀ।
ਰੈੱਡ ਕਾਰਨਰ ਨੋਟਿਸ ਜਾਰੀ ਹੋਣ ਨਾਲ 190 ਦੇਸ਼ਾਂ 'ਚ ਨੀਰਵ ਮੋਦੀ ਦੀ ਤਲਾਸ਼ ਸ਼ੁਰੂ ਹੋਣ ਦੀ ਉਮੀਦ ਹੈ। ਇਸ ਸਾਲ ਜਨਵਰੀ ਦੇ ਪਹਿਲੇ ਹਫਤੇ ਨੀਰਵ ਮੋਦੀ ਆਪਣੀ ਪਤਨੀ, ਭਰਾ ਅਤੇ ਮਾਮਾ ਮੇਹੁਲ ਚੌਕਸੀ ਨਾਲ ਭਾਰਤ ਤੋਂ ਫਰਾਰ ਹੋਇਆ ਸੀ। ਇੰਟਰਪੋਲ ਨੇ ਨੋਟਿਸ 'ਚ ਮੈਂਬਰ ਦੇਸ਼ਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਕੋਲ ਨੀਰਵ ਮੋਦੀ ਦੀ ਕੋਈ ਜਾਣਕਾਰੀ ਹੈ, ਤਾਂ ਕ੍ਰਿਪਾ ਕਰਕੇ ਉਸ ਦੀ ਸੂਚਨਾ ਦਿੱਤੀ ਜਾਵੇ। (ਏਜੰਸੀ)