ਨੀਰਵ ਮੋਦੀ ਦੇ ਇੰਗਲੈਂਡ 'ਚ ਰਾਜਸੀ ਸ਼ਰਨ ਲੈਣ ਦੀ ਸੂਹ ਪੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਰਬਾਂ ਰੁਪਏ ਦੀ ਧੋਖਾਧੜੀ ਦੇ ਦੋਸ਼ਾਂ ਮਗਰੋਂ ਦੇਸ਼ ਛੱਡ ਚੁਕੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਬ੍ਰਿਟੇਨ ਵਿਚ ਹੋਣ ਦੀ ਖ਼ਬਰ ਹੈ ਜਿਥੇ ਉਸ ਨੇ ਭਾਰਤ ਵਿਚ ਰਾਜਨੀਤਕ ....

Nirav Modi

ਲੰਦਨ, ਅਰਬਾਂ ਰੁਪਏ ਦੀ ਧੋਖਾਧੜੀ ਦੇ ਦੋਸ਼ਾਂ ਮਗਰੋਂ ਦੇਸ਼ ਛੱਡ ਚੁਕੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਬ੍ਰਿਟੇਨ ਵਿਚ ਹੋਣ ਦੀ ਖ਼ਬਰ ਹੈ ਜਿਥੇ ਉਸ ਨੇ ਭਾਰਤ ਵਿਚ ਰਾਜਨੀਤਕ ਬਦਲਾਖ਼ੋਰੀ ਦਾ ਦਾਅਵਾ ਕਰਦਿਆਂ ਰਾਜਸੀ ਸ਼ਰਨ ਦੀ ਮੰਗ ਕੀਤੀ ਹੈ। ਮੋਦੀ ਵਿਰੁਧ ਮਾਮਾ ਮੇਹੁਲ ਚੋਕਸੀ ਨਾਲ ਮਿਲ ਕੇ ਪੰਜਾਬ ਨੈਸ਼ਨਲ ਬੈਂਕ ਨਾਲ 13000 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਰਾਜਸੀ ਸ਼ਰਨ ਦੀ ਮੋਦੀ ਦੀ ਇਸ ਮੰਗ ਦੀ ਖ਼ਬਰ ਅਖ਼ਬਾਰਾਂ ਵਿਚ ਛਪੀ ਹੈ। ਅਖ਼ਬਾਰਾਂ ਨੇ ਲਿਖਿਆ ਹੈ, 'ਭਾਰਤ ਅਤੇ ਬ੍ਰਿਟੇਨ ਦੇ ਅਧਿਕਾਰੀ ਕਹਿ ਰਹੇ ਹਨ ਕਿ ਮੋਦੀ ਲੰਦਨ ਵਿਚ ਹੈ।

ਇਥੇ ਉਸ ਦੀ ਕੰਪਨੀ ਦਾ ਸਟੋਰ ਹੈ। ਇਥੇ ਉਹ ਰਾਜਸੀ ਸ਼ਰਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।' ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਰੀਪੋਰਟ ਵਿਚ ਕਿਹਾ ਗਿਆ ਹੈ, 'ਹਮੇਸ਼ਾ ਅਜਿਹੇ ਜਟਿਲ ਮਾਮਲੇ ਹੁੰਦੇ ਹਲ ਜੋ ਭਾਰਤ ਨਾਲ ਸਾਡੇ ਸਬੰਧਾਂ ਵਿਚ ਥੋੜਾ ਤਣਾਅ ਪੈਦਾ ਕਰ ਦਿੰਦੇ ਹਨ ਪਰ ਦੋਹਾਂ ਧਿਰਾਂ ਵਲੋਂ ਹਮੇਸ਼ਾ ਉਤਸ਼ਾਹ ਵਧਾਉਣ ਵਾਲੀ ਗੱਲ ਇਹ ਹੈ ਕਿ ਸਾਡੇ ਕੋਲ ਕਾਨੂੰਨੀ ਪ੍ਰਕ੍ਰਿਆ ਅਤੇ ਮਨੁੱਖੀ ਅਧਿਕਾਰ ਕਾਨੂੰਨ ਹੈ ਜਿਸ ਦੀ ਪਾਲਣਾ ਹੋਣੀ ਚਾਹੀਦੀ ਹੈ।' ਈਡੀ ਅਤੇ ਸੀਬੀਆਈ ਨੇ ਇਸ ਮਾਮਲੇ ਵਿਚ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤੇ ਹੋਏ ਹਨ।

ਏਜੰਸੀਆਂ ਇਸ ਮਾਮਲੇ ਵਿਚ ਕਾਲੇ ਧਨ ਦੀ ਵੀ ਜਾਂਚ ਕਰ ਰਹੀਆਂ ਹਨ। ਭਾਰਤ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੀ ਦੇਸ਼ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਵਿਰੁਧ ਵੀ ਦੇਸ਼ ਦੇ ਬੈਂਕਾਂ ਦਾ ਕਰੀਬ 9000 ਕਰੋੜ ਰੁਪਏ ਦਾ ਕਰਜ਼ਾ ਨਾ ਮੋੜਨ ਦਾ ਮਾਮਲਾ ਚੱਲ ਰਿਹਾ ਹੈ। ਮਾਲਿਆ ਵੀ ਦੇਸ਼ ਛੱਡ ਕੇ ਭੱਜ ਗਿਆ ਸੀ ਅਤੇ ਫ਼ਿਲਹਾਲ ਬਰਤਾਨੀਆ ਵਿਚ ਹੈ। (ਏਜੰਸੀ)