ਕਬਰ ਪੁੱਟਣ ਤੋਂ ਬਾਅਦ ਦਫ਼ਨਾਇਆ ਹੀ ਜਾਣ ਵਾਲਾ ਸੀ, ਤਾਂ 'ਜ਼ਿੰਦਾ ਹੋ ਗਿਆ' ਮੁਰਦਾ
ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਮ੍ਰਿਤਕ ਐਲਾਨ ਕੀਤਾ ਜਾ ਚੁੱਕਾ ਇਕ 20 ਸਾਲਾ ਨੋਜਵਾਨ ਦਫ਼ਨਾਏ ਜਾਣ ਤੋਂ ਠੀਕ ਪਹਿਲਾਂ ਜਿਊਂਦਾ ਹੋ ਗਿਆ।
ਲਖਨਊ : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਮ੍ਰਿਤਕ ਐਲਾਨ ਕੀਤਾ ਜਾ ਚੁੱਕਾ ਇਕ 20 ਸਾਲਾ ਨੋਜਵਾਨ ਦਫ਼ਨਾਏ ਜਾਣ ਤੋਂ ਠੀਕ ਪਹਿਲਾਂ ਜਿਊਂਦਾ ਹੋ ਗਿਆ। ਉਸਦੀ ਕਬਰ ਪੁੱਟ ਲਈ ਗਈ ਸੀ ਤੇ ਜਦੋਂ ਉਸ ਨੂੰ ਦਫ਼ਨਾਇਆ ਜਾਣ ਲੱਗਿਆ ਤਾਂ ਉਸੇ ਵੇਲੇ ਉਸਦੇ ਪਰਿਵਾਰ ਨੇ ਮ੍ਰਿਤਕ ਨੌਜਵਾਨ ਦੇ ਸਰੀਰ 'ਚ ਕੁਝ ਹਰਕਤ ਦੇਖੀ। ਜਾਣਕਾਰੀ ਮੁਤਾਬਕ ਨੌਜਵਾਨ ਦੇ ਮ੍ਰਿਤਕ ਸਰੀਰ 'ਚ ਕੁਝ ਹਰਕਤ ਦੇਖਦਿਆਂ ਹੀ ਸਾਰਿਆਂ ਦਾ ਰੋਣਾ-ਧੋਣਾ ਬੰਦ ਹੋ ਗਿਆ ਤੇ ਹੈਰਾਨ ਪਰਿਵਾਰ ਮੁਹੰਮਦ ਫੁਰਕਾਨ ਨੂੰ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਫੁਰਕਾਨ ਨੂੰ ਇਕ ਦੁਰਘਟਨਾ ਮਗਰੋਂ 21 ਜੂਨ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸੋਮਵਾਰ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਉਸ ਦੇ ਸਰੀਰ ਨੂੰ ਅੰਬੂਲੈਂਸ ਦੁਆਰਾ ਉਸਦੇ ਘਰ ਪਹੁੰਚਾ ਦਿੱਤਾ ਗਿਆ। ਫੁਰਕਾਨ ਦੇ ਵੱਡੇ ਭਰਾ ਮੁਹੰਮਦ ਇਰਫ਼ਾਨ ਨੇ ਕਿਹਾ, ਫੁਰਕਾਨ ਦੀ ਮੌਤ ਨਾਲ ਬੇਹਦ ਦੁਖੀ ਅਸੀਂ ਲੋਕ ਉਸ ਨੂੰ ਦਫਨਾਉਣ ਦੀਆਂ ਤਿਆਰੀਆਂ ਕਰ ਚੁੱਕੇ ਸੀ ਪਰ ਉਸ ਨੂੰ ਅਚਾਨਕ ਜ਼ਿੰਦਾ ਦੇਖ ਕੇ ਅਸੀਂ ਸਾਰੇ ਹੈਰਾਨ ਰਹਿ ਗਏ।
ਇਸ ਤੋਂ ਬਾਅਦ ਫੁਰਕਾਨ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਕਿਹਾ ਕਿ ਉਹ ਹਾਲੇ ਜਿਊਂਦਾ ਹੈ ਤੇ ਉਸ ਨੂੰ ਵੈਂਟੀਲੇਟਰ ’ਤੇ ਰੱਖ ਦਿੱਤਾ ਹੈ। ਇਰਫਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਪ੍ਰਾਈਵੇਟ ਹਸਪਤਾਲ ਨੂੰ 7 ਲੱਖ ਰੁਪਏ ਦਾ ਭੁਗਤਾਨ ਕਰ ਚੁੱਕੇ ਸਨ ਤੇ ਜਦੋਂ ਅਸੀਂ ਹਸਪਤਾਲ ਵਾਲਿਆਂ ਨੂੰ ਦਸਿਆ ਕਿ ਸਾਡੇ ਕੋਲ ਹੁਣ ਪੈਸੇ ਨਹੀਂ ਦੇਣ ਲਈ ਤਾਂ ਉਨ੍ਹਾਂ ਨੇ ਮੰਗਲਵਾਰ ਨੂੰ ਫੁਰਕਾਨ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਮਾਮਲੇ ਨੂੰ ਲੈ ਕੇ ਲਖਨਊ ਦੇ ਮੁੱਖ ਸਿਹਤ ਅਫ਼ਸਰ (ਸੀਐਮਓ) ਨਰਿੰਦਰ ਅਗਰਵਾਲ ਨੇ ਕਿਹਾ ਕਿ ਅਸੀਂ ਮਾਮਲੇ ਦਾ ਨੋਟਿਸ ਲਿਆ ਹੈ ਤੇ ਇਸਦੀ ਪੂਰੀ ਜਾਂਚ ਕੀਤੀ ਜਾਵੇਗੀ। ਫੁਰਕਾਨ ਦਾ ਇਲਾਜ ਕਰ ਰਹੇ ਡਾਕਟਰ ਨੇ ਕਿਹਾ ਕਿ ਮਰੀਜ਼ ਦੀ ਹਾਲਤ ਗੰਭੀਰ ਹੈ ਪਰ ਉਹ ਪੱਕੇ ਤੌਰ ਤੇ ਬ੍ਰੇਨ ਡੈੱਡ ਨਹੀਂ ਹੈ। ਉਸਦੀ ਨਾੜੀ, ਬਲੱਡ ਪ੍ਰੈਸ਼ਰ ਤੇ ਦਿਮਾਗ ਕੰਮ ਕਰ ਰਿਹਾ ਹੈ। ਉਸਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਹੈ।