ਟਿਕ ਟਾਕ ਵੀਡੀਓ ਦੇ ਜ਼ਰੀਏ ਮਿਲਿਆ ਤਿੰਨ ਸਾਲਾਂ ਤੋਂ ਲਾਪਤਾ ਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਔਰਤ ਨੂੰ ਤਿੰਨ ਸਾਲ ਬਾਅਦ ਅਪਣੇ ਲਾਪਤਾ ਪਤੀ ਬਾਰੇ ਪਤਾ ਚੱਲਿਆ ਹੈ।

Tik Tok

ਤਾਮਿਲਨਾਡੂ: ਇਕ ਔਰਤ ਨੂੰ ਤਿੰਨ ਸਾਲ ਬਾਅਦ ਅਪਣੇ ਲਾਪਤਾ ਪਤੀ ਬਾਰੇ ਪਤਾ ਚੱਲਿਆ ਹੈ। ਔਰਤ ਨੇ ਅਪਣੇ ਪਤੀ ਸੁਰੇਸ਼ ਦੇ ਲਾਪਤਾ ਹੋਣ ਦੀ ਰਿਪੋਰਟ ਵੀ ਦਰਜ ਕਰਵਾਈ ਸੀ। ਤਿੰਨ ਸਾਲ ਬਾਅਦ ਹੁਣ ਉਸ ਨੂੰ ਅਪਣੇ ਪਤੀ ਬਾਰੇ ਉਸ ਸਮੇਂ ਪਤਾ ਚੱਲਿਆ ਜਦੋਂ ਇਕ ਰਿਸ਼ਤੇਦਾਰ ਨੇ ਉਸ ਨੂੰ ਟਿਕ ਟਾਕ ‘ਤੇ ਇਕ ਵੀਡੀਓ ਵਿਚ ਦੇਖ ਲਿਆ। ਟੀਕ ਟਾਕ ਨੂੰ ਲੈ ਕੇ ਆਏ ਦਿਨ ਅਜੀਬ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਇਹ ਸ਼ਾਇਦ ਅਜਿਹਾ ਪਹਿਲਾ ਮਾਮਲਾ ਹੈ ਜਿਸ ਨੇ ਇਸ ਪੁਲਿਸ ਕੇਸ ਨੂੰ ਹੱਲ ਕਰਨ ਵਿਚ ਮਦਦ ਕੀਤੀ ਹੋਵੇ।

ਇਕ ਖ਼ਬਰ ਮੁਤਾਬਕ ਸੁਰੇਸ਼ 2016 ਵਿਚ ਅਪਣੀ ਪਤਨੀ ਜਯਾ ਪ੍ਰਦਾ ਅਤੇ ਦੋ ਬੱਚਿਆਂ ਨੂੰ ਛੱਡ ਕੇ ਚਲਾ ਗਿਆ ਸੀ। ਕਈ ਥਾਵਾਂ ‘ਤੇ ਲੱਭਣ ਅਤੇ ਰਿਸ਼ਤੇਦਾਰਾਂ ਕੋਲੋਂ ਪੁੱਛਣ ਦੇ ਬਾਵਜੂਦ ਵੀ ਉਸ ਬਾਰੇ ਕੁਝ ਪਤਾ ਨਹੀਂ ਚੱਲਿਆ। ਉਸ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾ ਦਿੱਤੀ। ਇਸ ਮਾਮਲੇ ਵਿਚ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ। ਪਰ ਤਿੰਨ ਸਾਲਾਂ ਬਾਅਦ ਟਿਕ ਟਾਕ ‘ਤੇ ਇਕ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਦਰਅਸਲ ਇਸ ਵੀਡੀਓ ਵਿਚ ਅਜਿਹਾ ਵਿਅਕਤੀ ਸੀ ਜਿਸ ਦੀ ਸ਼ਕਲ ਜਯਾ ਪ੍ਰਦਾ ਦੇ ਪਤੀ ਨਾਲ ਮਿਲਦੀ ਹੈ। ਇਸ ਦੀ ਪੁਸ਼ਟੀ ਜਯਾ ਪ੍ਰਦਾ ਨੇ ਵੀ ਕੀਤੀ ਹੈ ਕਿ ਉਹ ਉਸ ਦਾ ਪਤੀ ਹੀ ਹੈ। ਉਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਵਿਚ ਪੁਲਿਸ ਨੂੰ ਸਫ਼ਲਤਾ ਹਾਸਲ ਹੋਈ। ਖ਼ਬਰਾਂ ਮੁਤਾਬਕ ਸੁਰੇਸ਼ ਕਿਸੇ ਕਾਰਨ ਨਰਾਜ਼ ਸੀ। ਇਸ ਲਈ ਉਹ ਘਰ ਛੱਡ ਕੇ ਚਲਾ ਗਿਆ। ਉਹ ਹੋਸੂਰ ਵਿਚ ਇਕ ਟਰੈਕਟਰ ਕੰਪਨੀ ਵਿਚ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਉਸ ਦੇ ਕਿਸੇ ਟ੍ਰਾਂਸਜੈਂਡਰ ਔਰਤ ਨਾਲ ਸਬੰਧ ਸਨ। ਇਸ ਵੀਡੀਓ ਵਿਚ ਵੀ ਉਹ ਟ੍ਰਾਂਸਜੈਂਡਰ ਔਰਤ ਨਾਲ ਹੀ ਸੀ। ਫਿਲਹਾਲ ਪੁਲਿਸ ਨੇ ਸੁਰੇਸ਼ ਨੂੰ ਜਯਾ ਪ੍ਰਦਾ ਨਾਲ ਘਰ ਭੇਜ ਦਿੱਤਾ ਹੈ।