ਅਹੁਦਾ ਸੰਭਾਲਣ ਤੋਂ 4 ਮਹੀਨੇ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ
ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੱਲੋਂ ਬੀਤੀ ਸ਼ਾਮ ਅਸਤੀਫਾ ਦੇਣ ਤੋਂ ਬਾਅਦ ਅੱਜ ਭਾਜਪਾ ਵਿਧਾਇਕ ਦਲ ਦੀ ਬੈਠਕ ਹੋਵੇਗੀ
ਨਵੀਂ ਦਿੱਲੀ: ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ (Tirath Singh Rawat) ਵੱਲੋਂ ਬੀਤੀ ਸ਼ਾਮ ਅਸਤੀਫਾ ਦੇਣ ਤੋਂ ਬਾਅਦ ਅੱਜ ਭਾਜਪਾ ਵਿਧਾਇਕ ਦਲ ਦੀ ਬੈਠਕ ਹੋਵੇਗੀ, ਜਿਸ ਵਿਚ ਨਵੇਂ ਮੁੱਖ ਮੰਤਰੀ ਦੀ ਚੋਣ ਹੋਵੇਗੀ। ਤੀਰਥ ਸਿੰਘ ਰਾਵਤ ( Uttarakhand Chief Minister Resigns) ਮੁੱਖ ਮੰਤਰੀ ਦੇ ਅਹੁਦੇ ’ਤੇ ਚਾਰ ਮਹੀਨੇ ਹੀ ਰਹੇ। ਤੀਰਥ ਸਿੰਘ ਰਾਵਤ ਨੇ ਬੀਤੀ ਸ਼ਾਮਲ ਭਾਜਪਾ ਪ੍ਰਧਾਨ ਜੇਪੀ ਨੱਡਾ (J. P. Nadda) ਨੂੰ ਅਸਤੀਫਾ ਦੇ ਦਿੱਤਾ ਸੀ। ਦੇਰ ਰਾਤ ਉਹਨਾਂ ਨੇ ਰਸਮੀ ਤੌਰ ’ਤੇ ਰਾਜਪਾਲ ਨੂੰ ਅਪਣਾ ਅਸਤੀਫਾ ਸੌਂਪਿਆ।
ਹੋਰ ਪੜ੍ਹੋ: ਕਿਸੇ ਵੀ ਕੀਮਤ 'ਤੇ ਕੈਪਟਨ ਤੀਜੀ ਵਾਰ CM ਬਣਨਾ ਚਾਹੁੰਦੇ ਨੇ ਤੇ ਸਿੱਧੂ ਇਹ ਨਹੀਂ ਹੋਣ ਦੇਣਾ ਚਾਹੁੰਦੇ
ਰਾਵਤ ਨੇ ਸ਼ੁੱਕਰਵਾਰ ਸਵੇਰੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ। ਸੰਵਿਧਾਨਕ ਸੰਕਟ ਦੇ ਚਲਦਿਆਂ ਉਹਨਾਂ ਨੇ ਅਸਤੀਫਾ ਦਿੱਤਾ ਹੈ। ਦੇਹਰਾਦੂਨ ਵਿਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਭਾਜਪਾ ਦੇ ਸੂਬਾ ਇੰਚਾਰਜ ਦੁਸ਼ਯੰਤ ਗੌਤਮ ਦੀ ਮੌਜੂਦਗੀ ਵਿਚ, ਵਿਧਾਨ ਮੰਡਲ ਦੀ ਬੈਠਕ ਵਿਚ ਨਵਾਂ ਆਗੂ ਚੁਣਿਆ ਜਾਵੇਗਾ। ਉੱਤਰਾਖੰਡ ਵਿਚ 70 ਸੀਟਾਂ ਵਾਲੀ ਵਿਧਾਨ ਸਭਾ ਵਿਚ ਭਾਜਪਾ ਦੇ 57 ਵਿਧਾਇਕ ਹਨ। ਇਸ ਵਿਚੋਂ ਭਾਜਪਾ ਦੀ ਇਕ ਸੀਟ ਖਾਲੀ ਹੈ।
ਹੋਰ ਪੜ੍ਹੋ: ਜਦ ਇੰਗਲੈਂਡ ਦੀ ਮਹਾਰਾਣੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਾਹਲੀ ਵਿਚ ਪ੍ਰਕਾਸ਼ਨਾ ਕਰਵਾਈ
ਸੂਤਰ ਦਾ ਕਹਿਣਾ ਹੈ ਕਿ ਸਤਪਾਲ ਮਹਾਰਾਜ ਅਤੇ ਧੰਨ ਸਿੰਘ ਰਾਵਤ ਨੇ ਸੀਨੀਅਰ ਲੀਡਰਸ਼ਿਪ ਨੂੰ ਸੰਦੇਸ਼ ਭੇਜਿਆ ਹੈ ਕਿ ਉਹ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਲਈ ਤਿਆਰ ਹਨ। ਇਸ ਤੋਂ ਪਹਿਲਾਂ ਤ੍ਰਿਵੇਂਦਰ ਸਿੰਘ ਰਾਵਤ ਦੇ ਅਸਤੀਫੇ ਤੋਂ ਬਾਅਦ ਇਹ ਬਾਜ਼ੀ ਤੀਰਥ ਸਿੰਘ ਰਾਵਤ ਦੇ ਹੱਥ ਲੱਗੀ ਸੀ। ਤੀਰਥ ਸਿੰਘ ਰਾਵਤ ਦਾ ਕਾਰਜਕਾਲ ਵਿਵਾਦਾਂ ਨਾਲ ਘਿਰਿਆ ਰਿਹਾ।
ਹੋਰ ਪੜ੍ਹੋ: ਚੀਫ਼ ਜਸਟਿਸ ਰਮੰਨਾ ਦੀਆਂ ਖਰੀਆਂ ਖਰੀਆਂ ਪਰ ਅਦਾਲਤੀ ਇਨਸਾਫ਼ ਵੀ ਤਾਂ ਆਮ ਬੰਦੇ ਨੂੰ ਨਹੀਂ ਮਿਲ ਰਿਹਾ
ਉਤਰਾਖੰਡ ਦੇ ਕਈ ਭਾਜਪਾ ਨੇਤਾਵਾਂ ਨੇ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਸੀ ਕਿ ਤੀਰਥ ਸਿੰਘ ਦੇ ਬਿਆਨਾਂ ਅਤੇ ਐਲਾਨਾਂ ਪ੍ਰਤੀ ਲੋਕਾਂ ਵਿਚ ਨਾਰਾਜ਼ਗੀ ਹੈ। ਤੀਰਥ ਸਿੰਘ ਰਾਵਤ ਨੇ ਇਸੇ ਸਾਲ ਮਾਰਚ ਵਿਚ ਉਤਰਾਖੰਡ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਉਹਨਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਇਸ ਲਈ ਦੇਣਾ ਪਿਆ ਕਿਉਂਕਿ ਮੁੱਖ ਮੰਤਰੀ ਬਣੇ ਰਹਿਣ ਲਈ ਛੇ ਮਹੀਨੇ ਅੰਦਰ ਯਾਨੀ 10 ਸਤੰਬਰ ਤੱਕ ਵਿਧਾਇਕ ਬਣਨਾ ਜ਼ਰੂਰੀ ਹੈ। ਉਤਰਾਖੰਡ ਦੀਆਂ ਦੋ ਸੀਟਾਂ ’ਤੇ ਉਪ ਚੋਣਾਂ ਵੀ ਹੋਣੀਆਂ ਹੈ ਪਰ ਮਹਾਂਮਾਰੀ ਦੇ ਚਲਦਿਆਂ ਅਜੇ ਚੋਣਾਂ ਉੱਤੇ ਰੋਕ ਹੈ।