ਪੰਜਾਬ 'ਵਰਸਿਟੀ ਦੇ ਪੰਜਾਹ ਕਰੋੜ ਦੇ ਪ੍ਰਾਜੈਕਟ ਹਵਾ 'ਚ ਲਟਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਯੂਨੀਵਰਸਿਟੀ ਇਕ ਪਾਸੇ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਦੂਜੇ ਬੰਨ੍ਹੇ ਪੰਜਾਹ ਕਰੋੜ ਰੁਪਏ ਦੇ ਸ਼ੁਰੂ ਕੀਤੇ ਪ੍ਰਾਜੈਕਟ ਅੱਧ ਵਿਚਾਲੇ ਲਮਕੇ ਪਏ ਹਨ.............

Panjab University, Chandigarh

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਇਕ ਪਾਸੇ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਦੂਜੇ ਬੰਨ੍ਹੇ ਪੰਜਾਹ ਕਰੋੜ ਰੁਪਏ ਦੇ ਸ਼ੁਰੂ ਕੀਤੇ ਪ੍ਰਾਜੈਕਟ ਅੱਧ ਵਿਚਾਲੇ ਲਮਕੇ ਪਏ ਹਨ। ਕੈਂਪਸ ਦੇ ਸੈਟਕਰ 25 ਵਿਚ ਸਾਢੇ ਸੱਤ ਸਾਲ ਪਹਿਲਾਂ ਸ਼ੁਰੂ ਕੀਤਾ ਮਲਟੀਪਰਪਜ਼ ਹਾਲ ਤੇ ਡੈਂਟਲ ਕਾਲਜ ਦੀ ਹਸਪਤਾਲ ਬਿਲਡਿੰਗ ਅਧੂਰੀ ਪਈ ਹੈ। ਸੂਤਰ ਦਸਦੇ ਹਨ ਕਿ ਯੂਨੀਵਰਸਿਟੀ ਅਤੇ ਬਿਲਡਿੰਗ ਠੇਕੇਦਾਰ ਦਰਮਿਆਨ ਅਣਬਣ ਹੋਣ ਨਾਲ ਦੋਵੇਂ ਪ੍ਰਾਜੈਕਟ ਹਵਾ ਵਿਚ ਲਮਕ ਕੇ ਰਹਿ ਗਏ ਹਨ।
ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਪ੍ਰੋ: ਆਰ.ਸੀ. ਸੋਬਤੀ ਨੇ ਦੋਵੇਂ ਪ੍ਰਾਜੈਕਟ ਸਾਲ 2011 ਵਿਚ ਸ਼ੁਰੂ ਕੀਤੇ ਸਨ।

ਮਲਟੀਪਰਪਜ਼ ਆਡੀਟੋਰੀਅਮ ਉਤੇ ਬਾਰਾਂ ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਜਾ ਚੁੱਕੇ ਸਨ ਪਰ ਠੇਕੇਦਾਰ ਨਾਲ ਝਗੜਾ ਪੈਣ ਕਾਰਨ ਉਸਾਰੀ ਵਿੱਚ ਹੀ ਰੋਕ ਦਿਤੀ ਗਈ ਸੀ ਜਿਸ ਕਰਕੇ ਬਿਲਡਿੰਗ ਤੇ ਖ਼ਰਚ ਕੀਤੇ ਬਾਰਾਂ ਕਰੋੜ ਰੁਪਏ ਬੇਕਾਰ ਹੋ ਕੇ ਰਹਿ ਗਏ ਹਨ। ਪ੍ਰੋ. ਆਰ.ਸੀ. ਸੋਬਤੀ ਨੇ ਕੈਂਪਸ ਦੇ ਡੈਂਟਲ ਕਾਲਜ ਨਾਲ ਹਸਪਤਾਲ ਸ਼ੁਰੂ ਕਰਨ ਦਾ ਸੁਪਨਾ ਲਿਆ ਸੀ। ਉਨ੍ਹਾਂ ਨੇ ਹਸਪਤਾਲ ਲਈ ਬਿਲਡਿੰਗ ਦੀ ਉਸਾਰੀ ਵੀ ਸ਼ੁਰੂ ਕਰ ਦਿਤੀ ਸੀ ਪਰ ਬਾਅਦ ਵਿਚ ਫ਼ੈਸਲਾ ਵਾਪਸ ਲੈ ਲਏ ਜਾਣ ਕਾਰਨ ਪ੍ਰਾਜੈਕਟ ਵੀ ਵਿੱਚ ਹੀ ਲਮਕ ਕੇ ਰਹਿ ਗਿਆ ਸੀ।

ਹਸਪਤਾਲ ਲਈ ਮੁਕੰਮਲ ਹੋਣ ਦੇ ਨੇੜੇ ਪਹੁੰਚੀ ਇਸ ਬਿਲਡਿੰਗ ਵਿਚ ਹੁਣ ਦੂਜੇ ਵਿਭਾਗਾਂ ਨੂੰ ਤਬਦੀਲ ਕਰਕੇ ਲੋਕਾਂ ਦੇ ਉਲਾਮਿਆਂ ਤੋਂ ਬਚਿਆ ਜਾ ਰਿਹਾ ਹੈ। ਦੂਜੇ ਸ਼ਬਦਾਂ ਵਿਚ ਯੂਨੀਵਰਸਿਟੀ ਨੂੰ ਕਰੋੜਾਂ ਰੁਪਏ ਦਾ ਰਗੜਾ ਲੱਗ ਚੁੱਕਾ ਹੈ ਜਦਕਿ ਦੂਜੇ ਬੰਨ੍ਹੇ ਤਨਖ਼ਾਹਾਂ ਦੇਣ ਦੇ ਲਾਲੇ ਪਏ ਰਹਿੰਦੇ ਹਨ। ਇਹ ਵੀ ਚਰਚਾ ਹੈ ਕਿ ਪਿਛਲੇ ਉਪ ਕੁਲਪਤੀ ਪ੍ਰੋ. ਅਰੁਣ ਕੁਮਾਰ ਗਰੋਵਰ ਦੀ ਨਿਯੁਕਤੀ ਕੇਂਦਰ ਦੀ ਸਾਬਕਾ ਕਾਂਗਰਸ ਸਰਕਾਰ ਵਲੋਂ ਕੀਤੀ ਗਈ ਸੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਯੂਨੀਵਰਸਿਟੀ ਨੂੰ ਵਿੱਤੀ ਸਹਾਇਤਾ ਦੇਣ ਤੋਂ ਹੱਥ ਪਿਛੇ ਖਿਚਦੀ ਰਹੀ ਹੈ।

ਯੂਨੀਵਰਸਿਟੀ ਦੀ ਰੁਕੀ ਗ੍ਰਾਂਟ ਦਾ ਮਾਮਲਾ ਉਚ ਅਦਾਲਤ ਵਿਚ ਵੀ ਪੁੱਜ ਗਿਆ ਸੀ ਤੇ ਇਸ ਦੀ ਸੁਣਵਾਈ ਮਨੁੱਖੀ ਸਰੋਤ ਮੰਤਰਾਲੇ ਦੇ ਦਰ ਵੀ ਪੁੱਜ ਗਈ ਸੀ। 
ਯੂਨੀਵਰਸਿਟੀ ਦੇ ਨਵ ਨਿਯੁਕਤ ਉਪ ਕੁਲਪਤੀ ਪ੍ਰੋ. ਰਾਜ ਕੁਮਾਰ ਨੇ 24 ਜੁਲਾਈ ਨੂੰ ਅਹੁਤੇ ਦਾ ਚਾਰਜ ਲਿਆ ਹੈ ਅਤੇ ਹੁਣ ਉਨ੍ਹਾਂ ਤੇ ਰਾਸ਼ਟਰੀ ਸੇਵਕ ਸੰਘ (ਆਰ.ਐਸ.ਐਸ.) ਨੇ ਹਥ ਦਸਿਆ ਜਾ ਰਿਹਾ ਹੈ ਜਿਸ ਕਾਰਨ ਗ੍ਰਾਂਟ ਦੇ ਨਾਲ ਖੜ੍ਹਨ ਦੀ ਉਮੀਦ ਬਣੀ ਹੈ।

ਪੁਰਾਣੇ ਪ੍ਰਾਜੈਕਟ ਅੱਧ ਅਧੂਰੇ ਪਏ ਹਨ ਤੇ ਯੂਨੀਵਰਸਿਟੀ ਸੋਲਰ ਪਲਾਂਟ ਦਾ ਨਵਾਂ ਪ੍ਰਾਜੈਕਟ ਸ਼ੁਰੂ ਕਰਨ ਦੀ ਤਿਆਰੀ 'ਚ ਹੈ। ਨਵੇਂ ਉਪ ਕੁਲਪਤੀ ਅਗਲੇ ਦਿਨ 'ਚ ਸਾਰੀਆਂ ਦਿਕਤਾਂ ਨੂੰ ਕਿਸ ਢੰਗ ਨਾਲ ਨਜਿੱਠਦੇ ਹਨ। ਇਹ ਸਮੇਂ 'ਤੇ ਛਡਿਆ ਜਾ ਰਿਹਾ  ਹੈ।