ਦਲਿਤ ਮਹਿਲਾ ਅਧਿਕਾਰੀ ਨੂੰ ਪਾਣੀ ਦੇਣ ਤੋਂ ਮਨ੍ਹਾਂ ਕਰਨ 'ਤੇ ਛੇ ਵਿਰੁਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਵਿਚ ਇਕ ਮਹਿਲਾ ਅਧਿਕਾਰੀ ਨੂੰ ਦਲਿਤ ਹੋਣ ਦੇ ਕਾਰਨ ਪਾਣੀ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਕਾਸ ਕਾਰਜਾਂ ਦੀ ਸਮੀਖਿਆ ਕਰਨ..............

Water

ਕੌਸ਼ਾਂਬੀ : ਉਤਰ ਪ੍ਰਦੇਸ਼ ਵਿਚ ਇਕ ਮਹਿਲਾ ਅਧਿਕਾਰੀ ਨੂੰ ਦਲਿਤ ਹੋਣ ਦੇ ਕਾਰਨ ਪਾਣੀ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਇਕ ਪਿੰਡ ਵਿਚ ਗਈ ਜ਼ਿਲ੍ਹੇ ਦੀ ਉਪ ਮੁੱਖ ਪਸ਼ੂ ਮੈਡੀਕਲ ਅਧਿਕਾਰੀ ਦੇ ਦਲਿਤ ਹੋਣ ਕਾਰਨ ਕਥਿਤ ਤੌਰ 'ਤੇ ਪਿੰਡ ਦੇ ਮੁਖੀ ਅਤੇ ਗ੍ਰਾਮ ਪੰਚਾਇਤ ਵਿਕਾਸ ਅਧਿਕਾਰੀ ਨੇ ਬਰਤਨ ਵਿਚ ਪਾਣੀ ਦੇਣ ਤੋਂ ਇਨਕਾਰ ਕਰ ਦਿਤਾ। ਘਟਨਾ ਤੋਂ ਨਰਾਜ਼ ਉਪ ਮੁੱਖ ਪਸ਼ੂ ਮੈਡੀਕਲ ਅਧਿਕਾਰੀ ਨੇ ਜ਼ਿਲ੍ਹਾ ਅਧਿਕਾਰੀ ਕੋਲ ਇਸ ਸਬੰਧ ਵਿਚ ਸ਼ਿਕਾਇਤ ਕੀਤੀ ਹੈ।

ਉਪ ਮੁੱਖ ਪਸ਼ੂ ਮੈਡੀਕਲ ਅਧਿਕਾਰੀ ਡਾਕਟਰ ਸੀਮਾ ਨੇ ਦਸਿਆ ਕਿ ਡੀਪੀਆਰਓ ਦੇ ਨਿਰਦੇਸ਼ 'ਤੇ ਉਹ ਮੰਗਲਵਾਰ ਨੂੰ ਮੰਝਨਪੁਰ ਵਿਕਾਸ ਖੇਤਰ ਦੇ ਅੰਬਾਵਾ ਪੂਰਬ ਪਿੰਡ ਵਿਚ ਗਈ ਸੀ। ਉਥੇ ਉਨ੍ਹਾਂ ਦੀ ਬੋਤਲ ਦਾ ਪਾਣੀ ਖ਼ਤਮ ਹੋ ਗਿਆ ਸੀ। ਇਸ 'ਤੇ ਉਨ੍ਹਾਂ ਨੇ ਗ੍ਰਾਮ ਪੰਚਾਇਤ ਵਿਕਾਸ ਅਧਿਕਾਰੀ ਅਤੇ ਗ੍ਰਾਮ ਮੁਖੀ ਤੋਂ ਪਾਣੀ ਮੰਗਿਆ। ਦੋਹਾਂ ਨੇ ਉਨ੍ਹਾਂ ਦੇ ਦਲਿਤ ਹੋਣ ਕਾਰਨ ਬਰਤਨ ਵਿਚ ਪਾਣੀ ਦੇਣ ਤੋਂ ਇਨਕਾਰ ਕਰ ਦਿਤਾ। ਜਦੋਂ ਉਨ੍ਹਾਂ ਨੇ ਪਿੰਡ ਵਾਲਿਆਂ ਤੋਂ ਪਾਣੀ ਮੰਗਿਆ ਤਾਂ ਪ੍ਰਧਾਨ ਅਤੇ ਵੀਡੀਓ ਨੇ ਉਨ੍ਹਾਂ ਨੂੰ ਵੀ ਇਸ਼ਾਰਾ ਕਰ ਕੇ ਪਾਣੀ ਦੇਣ ਤੋਂ ਮਨ੍ਹਾਂ ਕਰ ਦਿਤਾ।

ਅਧਿਕਾਰੀ ਨੇ ਦਸਿਆ ਕਿ ਪਾਣੀ ਮੰਗਣ 'ਤੇ ਇਕ ਖੇਤਰ ਪੰਚਾਇਤ ਨੇ ਇਥੋਂ ਤਕ ਆਖ ਦਿਤਾ ਕਿ ਬਰਤਨ ਵਿਚ ਪਾਣੀ ਦੇਣ ਨਾਲ ਬਰਤਨ ਅਸ਼ੁੱਧ ਹੋ ਜਾਵੇਗਾ। ਇਕ ਖ਼ਬਰ ਮੁਤਾਬਕ ਇਸ ਮਾਮਲੇ ਵਿਚ ਛੇ ਲੋਕਾਂ ਦੇ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀਆਂ ਵਿਚ ਤਿੰਨ ਗ੍ਰਾਮ ਪ੍ਰਧਾਨ, ਸਕੱਤਰ, ਵੀਡੀਓ ਅਤੇ ਕੋਟੇਦਾਰ ਸ਼ਾਮਲ ਹਨ। ਪੁਲਿਸ ਨੇ ਰਿਪੋਰਟ ਲਿਖਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਸਬੰਧ ਵਿਚ ਜ਼ਿਲ੍ਹਾ ਅਧਿਕਾਰੀ ਮਨੀਸ਼ ਵਰਮਾ ਨੇ ਦਸਿਆ ਕਿ ਉਨ੍ਹਾਂ ਨੇ ਪੁਲਿਸ ਮੁਖੀ ਨੂੰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦਾ ਨਿਰਦੇਸ਼ ਦਿਤਾ ਹੈ।

ਖ਼ਬਰ ਮੁਤਾਬਕ ਡੀਐਮ ਦੇ ਨਿਰੇਸ਼ 'ਤੇ ਐਸਪੀ ਪ੍ਰਦੀਪ ਗੁਪਤਾ ਨੇ ਅੰਬਾਵਾ ਪੂਰਬ ਪਿੰਡ ਮੁਖੀ ਸ਼ਿਵਸੰਪਤ, ਸਕੱਤਰ ਰਵਿਦੰਤ ਮਿਸ਼ਰ, ਬੀਡੀਸੀ ਝੱਲਰ ਤਿਵਾੜ, ਕੋਟੇਦਾਰ ਰਾਜੇਸ਼ ਸਿੰਘ, ਭਈਲਾ ਮਕਦੂਮਪੁਰ ਪ੍ਰਧਾਨ ਪਤੀ ਪਵਨ ਯਾਦਵ ਅਤੇ ਸੰਈਬਸਾ ਪ੍ਰਧਾਨ ਅੰਸਾਰ ਅਲੀ ਦੇ ਵਿਰੁਧ ਅਨੁਸੂਚਿਤ ਜਾਤੀ-ਅਨੂਸੂਚਿਤ ਜਨਜਾਤੀ ਕਾਨੂੰਨ ਤਹਿਤ ਨਗਰ ਕੋਤਵਾਲੀ ਵਿਚ ਕੇਸ ਦਰਜ ਕਰਵਾ ਦਿਤਾ ਹੈ। (ਏਜੰਸੀ)

ਇਸ ਮਾਮਲੇ ਵਿਚ ਐਸਪੀ ਨੇ ਕਿਹਾ ਕਿ ਜਾਂਚ ਕਰਵਾਈ ਜਾ ਰਹੀ ਹੈ। ਦੋਸ਼ੀਆਂ ਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਕ ਰਿਪੋਰਟ ਮੁਤਾਬਕ ਮਹਿਲਾ ਅਧਿਕਾਰੀ ਇਸ ਲਈ ਨਾਰਾਜ਼ ਹੋ ਗਈ ਕਿਉਂਕਿ ਉਨ੍ਹਾਂ ਨੂੰ ਪੀਣ ਲਈ ਮਿਨਰਲ ਵਾਟਰ ਨਹੀਂ ਦਿਤਾ ਗਿਆ। ਇਸ ਲਈ ਉਨ੍ਹਾਂ ਨੇ ਕਈ ਲੋਕਾਂ 'ਤੇ ਦਲਿਤ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ। (ਏਜੰਸੀਆਂ)