ਲੋਕ ਸਭਾ ਚੋਣਾਂ ਲਈ 'ਆਪ' ਨੇ ਖੇਡਿਆ 'ਦਲਿਤ ਪੱਤਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਖਰੀ ਸਿਆਸਤ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਆਖ਼ਰਕਾਰ ਅੱਜ ਸਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ..............

Harpal Singh Cheema with Manish Sisodia

ਨਵੀਂ ਦਿਲੀ : ਵਖਰੀ ਸਿਆਸਤ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਆਖ਼ਰਕਾਰ ਅੱਜ ਸਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਕੇ, ਦਿੜ੍ਹਬਾ ਵਿਧਾਨ ਸਭਾ ਹਲਕੇ ਤੋਂ ਇਕ ਦਲਿਤ ਆਗੂ ਵਜੋਂ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਨਵਾਂ ਆਗੂ ਥਾਪ ਦਿਤਾ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਸ਼ਾਮ 4:55 ਵਜੇ ਟਵੀਟ ਕਰ ਕੇ, ਐਲਾਨ ਕੀਤਾ ਕਿ, 'ਆਪ ਨੇ ਪੰਜਾਬ ਵਿਚ ਵਿਰੋਧੀ ਧਿਰ ਦਾ ਆਗੂ ਬਦਲਣ ਦਾ ਫ਼ੈਸਲਾ ਕੀਤਾ ਹੈ। ਦਿੜ੍ਹਬਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ਼੍ਰੀ ਹਰਪਾਲ ਸਿੰਘ ਚੀਮਾ ਪੰਜਾਬ

ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹੋਣਗੇ।' ਪਿਛੋਂ ਸ਼ਾਮ 6:43 'ਤੇ ਮੁੜ ਇਕ ਹੋਰ ਟਵੀਟ ਕਰ ਕੇ, ਸਿਸੋਦੀਆ ਨੇ ਹਰਪਾਲ ਸਿੰਘ ਚੀਮਾ ਨਾਲ ਅਪਣੀ ਮੁਲਾਕਾਤ ਦੀ ਫ਼ੋਟੋ ਸਾਂਝੀ ਕਰ ਕੇ, ਹਰਪਾਲ ਸਿੰਘ ਚੀਮਾ ਦੀ ਸਿਫ਼ਤ ਕਰਨ ਦੇ ਨਾਲ ਵਧਾਈ ਦਿੰਦਿਆਂ ਲਿਖਿਆ ਹੈ, 'ਮੈਨੂੰ ਯਕੀਨ ਹੈ ਕਿ ਇਹ (ਚੀਮਾ) ਪੰਜਾਬ ਵਿਚ ਇਕ ਮਜ਼ਬੂਤ ਦਲਿਤ ਲੀਡਰ ਵਜੋਂ ਉਭਰ ਕੇ, ਵਿਧਾਨ ਸਭਾ ਤੇ ਅੰਦਰ ਤੇ ਬਾਹਰ ਪੰਜਾਬ ਦੇ ਦਲਿਤਾਂ ਤੇ ਹਾਸ਼ੀਏ 'ਤੇ ਖੜੇ ਭਾਈਚਾਰਿਆਂ ਦੀ ਆਵਾਜ਼ ਬੁਲੰਦ ਕਰਨਗੇ।'ਯਾਦ ਰਹੇ ਪਿਛਲੇ ਦਿਨੀਂ ਹੀ ਜਦੋਂ ਖਹਿਰਾ ਮਨੀਸ਼ ਸਿਸੋਦੀਆ ਨੂੰ ਦਿੱਲੀ ਮਿਲਣ ਆਏ ਸਨ, ਤਾਂ ਸਿਸੋਦੀਆਂ ਨੇ ਮਿਲਣ ਤੋਂ ਨਾਂਹ ਕਰ ਦਿਤੀ ਸੀ। ਪਹਿਲਾਂ

ਖਹਿਰਾ ਨੂੰ ਰੈਫਰੈਂਡਮ ਦੇ ਮੁੱਦੇ 'ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਖਹਿਰਾ ਉਦੋਂ ਤੋਂ ਹੀ 'ਆਪ' ਦੇ ਦਿੱਲੀ ਦੇ ਆਗੂਆਂ ਦੀ ਅੱਖਾਂ ਵਿਚ ਰੜ੍ਹਕ ਰਹੇ ਸਨ, ਜਦੋਂ ਤੋਂ ਅਦਾਲਤੀ ਹੱਤਕ ਦੇ ਮੁਕੱਦਮੇ ਵਿਚ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੀ ਪੰਜਾਬ ਇਕਾਈ ਨਾਲ ਸਲਾਹ ਕੀਤੇ ਬਗ਼ੈਰ ਸਾਬਕਾ ਅਕਾਲੀ ਮੰਤਰੀ ਕੋਲੋਂ ਨਸ਼ਿਆਂ ਦੇ ਮਾਮਲੇ ਵਿਚ ਬਿਨਾਂ ਸ਼ਰਤ ਮਾਫ਼ੀ ਮੰਗ ਲਈ ਸੀ। ਉਸ ਵਕਤ ਖਹਿਰਾ ਨੇ ਕੇਜਰੀਵਾਲ ਦੇ ਫ਼ੈਸਲੇ ਵਿਰੁਧ ਝੰਡਾ ਚੁਕਿਆ ਸੀ ਪਿਛੋਂ ਉਹ ਕੇਜਰੀਵਾਲ ਨੂੰ ਦਿੱਲੀ ਮਿਲਣ ਵੀ ਨਹੀਂ ਸਨ ਗਏ।  ਉਦੋਂ ਤੋਂ ਹੀ ਆਪ ਆਗੂ ਕਿਸੇ ਅਜਿਹੇ ਬੰਦੇ ਨੂੰ ਵਿਰੋਧੀ ਧਿਰ ਦਾ ਆਗੂ

ਲਾਉਣਾ ਚਾਹ ਰਹੇ ਸਨ, ਜੋ ਦਿੱਲੀ ਦੇ ਆਗੂਆਂ ਵਾਲਿਆਂ ਦੀ ਪੂਰੀ ਅਧੀਨਗੀ ਮੰਨ ਕੇ ਚੱਲਦਾ ਹੋਵੇ।  ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਆਪ ਲੀਡਰਸ਼ਿਪ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡ ਲਏ ਹਨ। ਇਕ ਤਾਂ ਪਾਰਟੀ ਨੇ ਪੰਜਾਬ ਵਿਚਲੇ ਹਿੰਦੂਆਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਖਉਤੀ ਖਾਲਿਸਤਾਨ ਪੱਖੀ ਕਿਸੇ ਆਗੂ ਲਈ ਪਾਰਟੀ ਵਿਚ ਕੋਈ ਥਾਂ ਨਹੀਂ।

ਦੂਜਾ ਲੋਕ ਸਭਾ ਚੋਣਾਂ ਦੇ ਸਨਮੁਖ ਪੰਜਾਬ ਦੇ ਚੌਖੇ ਦਲਿਤ ਵੋਟ ਬੈਂਕ ਨੂੰ 'ਆਪ' ਵੱਲ ਮੋੜਨ ਦੀ ਨੀਤੀ ਅਪਣਾਈ ਹੈ ਤੇ ਖਹਿਰਾ ਵਰਗੇ ਤੇਜ਼ ਤਰਾਰ ਆਗੂ, ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਪਾਸੇ ਕਰ ਕੇ, ਹੋਰਨਾਂ ਨੂੰ ਸਪਸ਼ਟ ਸੁਨੇਹਾ ਦੇ ਦਿਤਾ ਹੈ ਕਿ ਦਿੱਲੀ ਦੇ ਆਗੂਆਂ ਤੋਂ ਬਗ਼ਾਵਤੀ ਸੁਰ ਰੱਖਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।