ਦਿੱਲੀ ਦੀ ਸਿੱਖ ਸੰਗਤ ਨੇ 'ਸੋਸ਼ਲ ਮੀਡੀਆ' 'ਤੇ ਦਸਮ ਗ੍ਰੰਥ ਦੇ ਸਮਾਗਮ ਦਾ ਕੀਤਾ ਤਿੱਖਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਨਲਾਈਨ ਪਟੀਸ਼ਨ ਸ਼ੁਰੂ ਕਰ ਕੇ, ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖ਼ਤ ਸਾਹਿਬ ਦੇ ਦਸਮ ਗ੍ਰੰਥ ਬਾਰੇ ਫ਼ੈਸਲੇ ਤੋਂ ਦਸਿਆ ਬਾਗ਼ੀ

SIKH

ਨਵੀਂ ਦਿੱਲੀ: ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਦਸਮ ਗ੍ਰੰਥ (ਬੱਚਿਤਰ ਨਾਟਕ) ਦੀ ਕਥਾ ਸ਼ੁਰੂ ਹੋਣ ਪਿਛੋਂ ਸਿੱਖਾਂ ਵਿਚ ਇਹ ਚਰਚਾ ਮੁੜ ਸ਼ੁਰੂ ਹੋ ਗਈ ਹੈ ਕਿ ਕੀ ਇਹ ਸਮਾਗਮ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸਿੱੱਖ ਰਹਿਤ ਮਰਿਆਦਾ ਵਿਚ ਦਰਜ ਬਾਣੀਆਂ ਦੇ ਘੇਰੇ ਵਿਚ ਰਹਿ ਕੇ ਕੀਤੀ ਜਾ ਰਹੀ ਹੈ ਜਾਂ ਇਸ ਦੇ ਉਲਟ? ਕੀ ਇਹ ਅਕਾਲ ਤਖ਼ਤ ਸਾਹਿਬ ਤੋਂ ਦਸਮ ਗ੍ਰੰਥ ਬਾਰੇ ਚਰਚਾ ਕਰਨ ਦੇ ਲਏ ਫ਼ੈਸਲੇ ਨੂੰ ਪਿੱਠ ਵਿਖਾਉਣਾ ਨਹੀਂ ਹੈ? ਕੀ ਇਹ ਆਰ.ਐਸ.ਐਸ. ਦੇ ਏਜੰਡੇ ਦੇ ਹੱਕ ਵਿਚ ਭੁਗਤਣ ਦਾ ਯਤਨ ਤਾਂ ਨਹੀਂ ਹੈ?

ਇਸ ਮਸਲੇ 'ਤੇ ਸਿੱਖ ਧਿਰਾਂ ਨੇ ਅਪਣੇ ਆਪ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿਤਾ ਹੈ ਤੇ ਮੰਗਲਵਾਰ ਰਾਤ ਤੋਂ 'ਸੋਸ਼ਲ ਮੀਡੀਆ' (ਫ਼ੇਸਬੁਕ/ ਵੱਟਸਐਪ) 'ਤੇ ਦਿੱਲੀ ਕਮੇਟੀ ਵਿਰੁਧ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ । ਸਿੱਖਾਂ ਨੇ 4 ਸਤੰਬਰ ਨੂੰ ਸਵੇਰੇ ਜਥੇਬੰਦ ਹੋ ਕੇ ਬੰਗਲਾ ਸਾਹਿਬ ਦੇ ਬਾਹਰ ਸ਼ਾਂਤਮਈ ਰੋਸ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ।

ਸੋਸ਼ਲ ਮੀਡੀਆ 'ਤੇ ਦਿੱਲੀ ਦੀ ਜਾਗਰੂਕ ਸੰਗਤ ਦੇ ਨਾਂ ਹੇਠ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਗੁਰਤਾਗੱਦੀ ਸ਼ਤਾਬਦੀ ਮੌਕੇ  ਅਕਾਲ ਤਖ਼ਤ ਸਾਹਿਬ ਦੇ ਉਦੋਂ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਦਸਤਖ਼ਤ ਹੇਠ 6 ਜੂਨ 2008 ਨੂੰ ਜਾਰੀ ਕੀਤੇ ਗਏ ਗੁਰਮਤਾ ਨੰਬਰ 1 ਦੀ ਕਾਪੀ ਲਾਈ ਗਈ ਹੈ ਜਿਸ ਵਿਚ ਤਖ਼ਤ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਬਖੇੜਾ ਪੈਦਾ ਨਾ ਕਰਨ ਬਾਰੇ ਆਖਿਆ ਗਿਆ ਸੀ ਤੇ ਪੰਥ ਪ੍ਰਵਾਨਤ ਨਿਤਨੇਮ ਦੀਆਂ ਬਾਣੀਆਂ ਬਾਰੇ ਕੋਈ ਵੀ ਦੁਬਿਧਾ ਨਾ ਪੈਦਾ ਕਰਨ ਦੀ ਬੇਨਤੀ  ਕੀਤੀ ਗਈ ਸੀ।

ਇਸੇ ਇਸ਼ਤਿਹਾਰ ਦੇ ਮੱਥੇ 'ਤੇ ਲਿਖਿਆ ਹੈ, 'ਦਿੱਲੀ ਕਮੇਟੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਮੰਨਣ ਤੋਂ ਬਾਗ਼ੀ! ਕੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਦਿੱਲੀ ਕਮੇਟੀ 'ਤੇ ਲਾਗੂ ਨਹੀਂ ਹੁੰਦਾ? ਜੇ ਦਸਮ ਗ੍ਰੰਥ ਬਾਰੇ ਕੋਈ ਵਿਚਾਰ ਨਹੀਂ ਕਰਨੀ ਤਾਂ ਕੀ ਇਸ ਦੀ ਕਥਾ ਕਰਾਉਣੀ ਜਾਇਜ਼ ਹੈ?'

ਇਥੇ ਨਾਲ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਦਿੱਲੀ ਕਮੇਟੀ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ, ਭਾਈ ਬੰਤਾ ਸਿੰਘ ਤੇ ਧਰਮ ਪ੍ਰਚਾਰ ਕਮੇਟੀ  ਦਿੱਲੀ ਦੇ ਮੁਖੀ ਜਤਿੰਦਰਪਾਲ ਸਿੰੰਘ ਦੀਆਂ ਫ਼ੋਟੋਆਂ ਲਾਈਆਂ ਗਈਆਂ ਹਨ।

ਹੇਠਾਂ ਦਰਜ ਹੈ,' ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ, ਦਿੱਲੀ ਕਮੇਟੀ ਦੇ ਆਪ ਹੁਦਰੇ ਪ੍ਰਬੰਧਕਾਂ 'ਤੇ ਸਖ਼ਤ  ਕਾਰਵਾਈ ਕਰਨ।' ਇਸ ਵਿਚਕਾਰ ਹੀ 'ਚੇਂਜ ਡਾਟ ਓਆਰਜੀ ਨਾਂਅ ਦੀ ਵੈੱਬਸਾਈਟ 'ਤੇ, 'ਮੈਂ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬਚਿੱਤਰ ਨਾਟਕ ਦੀ ਕਥਾ ਦੀ ਨਿਖੇਧੀ ਕਰਦਾ ਹਾਂ/ਕਰਦੀ ਹਾਂ।'

ਨਾਂ ਹੇਠ ਇਕ ਆਨਲਾਈਨ ਪਟੀਸ਼ਨ ਸ਼ੁਰੂ ਕਰ ਕੇ, ਸਿੱਖਾਂ ਨੂੰ ਸਮਾਗਮ ਦੇ ਵਿਰੋਧ ਵਿਚ ਲਾਮਬੰਦ ਕੀਤਾ ਜਾ ਰਿਹਾ ਹੈ ਤੇ ਇਹ ਦਰਜ ਕੀਤਾ ਹੈ, 'ਇਹ ਪਟੀਸ਼ਨ  ਹਾਲ ਹੀ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦਸਮ ਗ੍ਰੰਥ ਦੀ ਕਥਾ ਸ਼ੁਰੂ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਨ ਲਈ ਹੈ।' ਇਕ ਹਜ਼ਾਰ ਦਸਤਖ਼ਤਾਂ ਦੀ ਮੰਗ ਕੀਤੀ ਗਈ ਹੈ, ਅੱਜ ਸ਼ਾਮ ਤਕ 544 ਜਣੇ ਪਟੀਸ਼ਨ 'ਤੇ ਦਸਤਖ਼ਤ ਕਰ ਚੁਕੇ  ਹਨ।

ਪਟੀਸ਼ਨ ਦੇ ਮਕਸਦ ਵਿਚ ਦਰਜ ਹੈ ਕਿ ਇਹ ਸਮਾਗਮ ਸਿੱਧੇ ਤੌਰ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ 'ਗੁਰੂ ਮਾਨਿਉ ਗ੍ਰੰਥ' ਦੇ ਦਿਤੇ ਹੁਕਮ ਵਿਰੁਧ ਹੈ ਤੇ ਲਿਖਿਆ ਹੈ,'ਜਦ ਗਿਆਨੀ ਇਕਬਾਲ ਸਿੰਘ ਨੇ ਅਖੌਤੀ ਦਸਮ ਗ੍ਰੰਥ ਵਿਚੋਂ ਹਵਾਲਾ ਦਿਤਾ ਸੀ, ਤਾਂ ਉਦੋਂ ਸਮੁੱਚੀ ਸਿੱਖ ਕੌਮ ਦੇ ਜਜ਼ਬਾਤ ਵਲੂੰੰਧਰੇ ਗਏ ਸਨ ਅਤੇ ਹੁਣ 8 ਦਿਨਾਂ ਲਈ ਇਹ ਲੀਡਰ (ਦਿੱਲੀ ਗੁਰਦਵਾਰਾ ਕਮੇਟੀ) ਉਸੇ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ, ਜੋ ਆਰ.ਐਸ.ਐਸ. ਦੇ ਏਜੰਡੇ ਵਿਚ ਫਿੱਟ ਬਹਿੰਦੀ ਹੈ।'

ਇਸੇ ਪਟੀਸ਼ਨ ਦੇ ਮਕਸਦ ਵਿਚ ਸਪਸ਼ਟ ਕੀਤਾ ਹੈ,'ਇਸ ਪਟੀਸ਼ਨ ਰਾਹੀਂ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰੰਧਕ ਕਮੇਟੀ ਇਕ ਵਾਰ ਇਹ ਸਮਾਗਮ ਰੋਕ ਦੇਵੇ ਅਤੇ ਭਵਿੱਖ ਵਿਚ ਅਜਿਹੇ ਮੰਦਭਾਗੇ ਫ਼ੈਸਲੇ ਨਾ ਕੀਤੇ ਜਾਣ, ਜੇ ਦਿੱਲੀ ਗੁਰਦਵਾਰਾ ਕਮੇਟੀ ਸੰਗਤ ਦੇ ਜਜ਼ਬਾਤਾਂ ਦਾ ਸਤਿਕਾਰ ਨਹੀਂ ਕਰਦੀ ਤਾਂ ਆਉਣ ਵਾਲੀਆਂ ਦਿੱਲੀ ਗੁਰਦਵਾਰਾ ਚੋਣਾਂ ਵਿਚ ਦੁਨੀਆਂ ਭਰ ਦੇ ਸਿੱਖ ਇਸ ਨੂੰ ਯਾਦ ਰੱਖਣਗੇ।'

ਇਸ ਸਬੰਧੀ ਜਦੋਂ ਦਿੱਲੀ ਗੁਰਦਵਾਰਾ ਕਮੇਟੀ ਦਾ ਪੱਖ ਲੈਣ ਲਈ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੂੰ  ਫੋਨ ਕੀਤਾ ਤਾਂ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ। ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ ਨੂੰ ਕਈ ਫੋਨ ਕੀਤੇ ਪਰ ਹਰ ਵਾਰ ਉਨ੍ਹਾਂ ਅੱਗੋਂ ਫੋਨ ਕੱਟ ਦਿਤਾ ਜਦਕਿ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸ.ਜਤਿੰਦਰਪਾਲ ਸਿੰਘ ਨੂੰ ਫੌਨ ਕੀਤਾ ਤਾਂ ਪਹਿਲਾ ਫੋਨ ਰੁੱਝਿਆ ਹੋਇਆ ਸੀ, ਫਿਰ ਮੁੜ ਕੀਤਾ ਤਾਂ ਉਨ੍ਹਾਂ ਨਹੀਂ ਚੁਕਿਆ।