ਕੋਰੋਨਾ ਵਿਰੁਧ ਜੰਗ 'ਚ ਡਟੇ ਡਾਕਟਰਾਂ ਨੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰੀ ਦੁਨੀਆਂ ਡਾਕਟਰਾਂ ਤੇ ਮੈਡੀਕਲ ਸਟਾਫ ਦੀ ਹਮੇਸ਼ਾ ਰਹੇਗੀ ਰਿਣੀ: ਮਨਜਿੰਦਰ ਸਿੰਘ ਸਿਰਸਾ

File

ਨਵੀਂ ਦਿੱਲੀ- ਕੋਰੋਨਾ ਮਹਾਂਮਾਰੀ ਵਿਰੁਧ ਜੰਗ ਲੜ ਰਹੇ ਏਮਜ਼ ਦੇ ਮੈਡੀਕਲ ਸੁਪਰਡੈਂਟ ਡਾ. ਡੀ.ਕੇ. ਸ਼ਰਮਾ, ਰਾਮ ਮਨੋਹਰ ਲੋਹੀਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸੂਦ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਡਾ. ਐਨ.ਐਨ. ਮਾਥੁਰ ਦੀ ਅਗਵਾਈ ਹੇਠ ਇਨ੍ਹਾਂ ਹਸਪਤਾਲਾਂ ਦੇ ਡਾਕਟਰਾਂ, ਨਰਸਾਂ ਤੇ ਮੈਡੀਕਲ ਸਟਾਫ਼ ਨੇ ਦਿੱਲੀ ਦੇ ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋ।

ਅਤੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਧਨਵਾਦ ਕੀਤਾ ਤੇ ਅਸ਼ੀਰਵਾਦ ਲਿਆ। ਜਿਨ੍ਹਾਂ ਨੇ ਇਸ ਮਹਾਂਮਾਰੀ ਵਿਰੁਧ ਲੜਾਈ ਵਾਸਤੇ ਉਨ੍ਹਾਂ ਨੂੰ ਸ਼ਕਤੀ ਤੇ ਸਮਰਥਾ ਬਖਸ਼ਿਸ਼ ਕੀਤੀ।

ਉਨ੍ਹਾਂ ਨੇ ਗੁਰਦਵਾਰਾ ਬੰਗਲਾ ਸਾਹਿਬ, ਗੁਰਦਵਾਰਾ ਰਕਾਬ ਗੰਜ ਸਾਹਿਬ ਤੇ ਗੁਰਦਵਾਰਾ ਮੋਤੀ ਬਾਗ ਸਾਹਿਬ ਵਿਚ ਵੱਖ-ਵੱਖ ਸਰਾਵਾਂ ਵਿਚ ਡਾਕਟਰਾਂ ਤੇ ਮੈਡੀਕਲ ਸਟਾਫ਼ ਨੂੰ ਠਹਿਰਣ ਲਈ ਥਾਂ ਦੇਣ 'ਤੇ ਸਿੱਖ ਭਾਈਚਾਰੇ ਦਾ ਧਨਵਾਦ ਕੀਤਾ।

ਇਸ ਮੌਕੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਨੇ ਇਨਹਾਂ ਡਾਕਟਰਾਂ ਨੂੰ ਸਿਰੋਪਾਉ ਦੇ ਕੇ  ਸਨਮਾਨ ਕੀਤਾ 'ਤੇ ਧਨਵਾਦ ਕੀਤਾ ਜੋ ਕਿ ਕੋਰੋਨਾ ਬੀਮਾਰੀ ਵਿਰੁਧ ਇਸ ਲੜਾਈ ਵਿਚ ਸਾਰੀ ਦੁਨੀਆਂ ਦੀ ਅਗਵਾਈ ਕਰ ਰਹੇ ਹਨ।

ਦਸਣਯੋਗ ਹੈ ਕਿ ਜਦੋਂ ਕੋਰੋਨਾ ਮਹਾਂਮਾਰੀ ਨਾਲ ਜੰਗ ਸ਼ੁਰੂ ਹੋਈ ਸੀ ਤਾਂ ਸ਼ੁਰੂਆਤ ਵਿਚ ਹੀ ਦਿੱਲੀ ਕਮੇਟੀ ਨੇ ਡਾਕਟਰਾਂ ਤੇ ਮੈਡੀਕਲ ਸਟਾਫ਼ ਨੂੰ ਠਹਿਰਣ ਲਈ ਅਪਣੀਆਂ ਸਰਾਵਾਂ ਵਿਚ ਠਿਕਾਣੇ ਦੇ ਦਿਤੇ ਸਨ। ਇਸ ਮੌਕੇ ਸ. ਸਿਰਸਾ ਨੇ ਕਿਹਾ ਕਿ ਜਿਥੇ ਦਿੱਲੀ ਕਮੇਟੀ ਨੇ ਇਨ੍ਹਾਂ ਡਾਕਟਰਾਂ ਨੂੰ ਠਹਿਰਣ ਲਈ ਥਾਂ ਮੁਹੱਈਆ ਕਰਵਾਈ ਹੈ, ਉਥੇ ਹੀ ਇਨ੍ਹਾਂ ਸਮੇਤ ਸਮੁੱਚੀ ਮਨੁੱਖਤਾ ਵਾਸਤੇ ਲਗਾਤਾਰ ਸੇਵਾਵਾਂ ਦਿਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾ ਵਿਰੁਧ ਇਸ ਜੰਗ ਵਿਚ ਜਿੱਤੇ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ, ਉਥੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਸ਼ੀਰਵਾਦ ਸਦਕਾ ਅਸੀਂ ਇਸ ਜੰਗ ਵਿਚ ਹਰ ਹਾਲਤ ਵਿਚ ਜਿੱਤਾਂਗੇ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿਚ ਸਾਰੀ ਦੁਨੀਆਂ ਡਾਕਟਰਾਂ ਤੇ ਮੈਡੀਕਲ ਸਟਾਫ਼ ਦੀ ਰਿਣੀ ਰਹੇਗੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।