ਯੂਰਪੀ ਸੰਸਦ ਮੈਂਬਰਾਂ ਨੇ ਕਿਹਾ-ਧਾਰਾ 370 ਭਾਰਤ ਦਾ ਅੰਦਰੂਨੀ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ-ਅਤਿਵਾਦ ਵਿਰੁਧ ਭਾਰਤ ਨਾਲ ਖੜੇ ਹਾਂ

Article 370 internal issue, stand by India in fight against terror : EU MPs

ਸ੍ਰੀਨਗਰ : ਜੰਮੂ ਕਸ਼ਮੀਰ ਦੇ ਦੋ ਦਿਨਾ ਦੌਰੇ 'ਤੇ ਆਏ ਯੂਰਪੀ ਸੰਘ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨਾ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਸੰਸਾਰ ਅਤਿਵਾਦ ਵਿਰੁਧ ਲੜਾਈ ਵਿਚ ਉਹ ਦੇਸ਼ ਨਾਲ ਖਲੋਤੇ ਹਨ। ਵਿਰੋਧੀ ਧਿਰ ਦੀ ਨਾਰਾਜ਼ਗੀ ਅਤੇ ਆਲੋਚਨਾਵਾਂ ਵਿਚਾਲੇ ਸੰਸਦ ਮੈਂਬਰਾਂ ਦੇ ਵਫ਼ਦ ਦਾ ਦੌਰਾ ਅੱਜ ਮੁਕੰਮਲ ਹੋ ਗਿਆ। ਘਾਟੀ ਦੇ ਦੋ ਦਿਨਾ ਦੌਰੇ ਦੇ ਆਖ਼ਰੀ ਦਿਨ ਯੂਰਪੀ ਸੰਸਦ ਦੇ 23 ਸੰਸਦ ਮੈਂਬਰਾਂ ਦੇ ਵਫ਼ਦ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕੀਤਾ। ਉਨ੍ਹਾਂ ਅਤਿਵਾਦੀਆਂ ਦੁਆਰਾ ਮੰਗਲਵਾਰ ਨੂੰ ਪਛਮੀ ਬੰਗਾਲ ਦੇ ਪੰਜ ਮਜ਼ਦੂਰਾਂ ਦੀ ਹਤਿਆ ਕੀਤੇ ਜਾਣ ਦੀ ਘਟਨਾ ਦੀ ਨਿਖੇਧੀ ਕੀਤੀ। ਪਛਮੀ ਬੰਗਾਲ ਦੇ ਪੰਜ ਪ੍ਰਵਾਸੀ ਮਜ਼ਦੂਰਾਂ ਦੀ ਮੰਗਲਵਾਰ ਨੂੰ ਕੁਲਗਾਮ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ ਸੀ।

ਫ਼ਰਾਂਸ ਦੇ ਹੇਨਰੀ ਮੇਲੋਸੇ ਨੇ ਕਿਹਾ, 'ਧਾਰਾ 370 ਦੀ ਗੱਲ ਕਰੀਏ ਤਾਂ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਸਾਡੀ ਚਿੰਤਾ ਦਾ ਵਿਸ਼ਾ ਅਤਿਵਾਦ ਹੈ ਜੋ ਦੁਨੀਆਂ ਭਰ ਵਿਚ ਪ੍ਰੇਸ਼ਾਨੀ ਦਾ ਸਬੱਬ ਹੈ ਅਤੇ ਇਸ ਨਾਲ ਲੜਾਈ ਵਿਚ ਸਾਨੂੰ ਭਾਰਤ ਨਾਲ ਖੜਾ ਹੋਣਾ ਚਾਹੀਦਾ ਹੈ। ਅਤਿਵਾਦੀਆਂ ਨੇ ਪੰਜ ਨਿਰਦੋਸ਼ ਮਜ਼ਦੂਰਾਂ ਦੀ ਹਤਿਆ ਕੀਤੀ। ਇਹ ਘਟਨਾ ਦੁਖਦਾਇਕ ਹੈ ਅਤੇ ਅਸੀਂ ਇਸ ਦੀ ਨਿਖੇਧੀ ਕਰਦੇ ਹਾਂ।' ਯੂਰਪੀ ਆਰਥਕ ਅਤੇ ਸਮਾਜਕ ਕਮੇਟੀ ਦੇ ਸਾਬਕਾ ਪ੍ਰਧਾਨ ਮੇਲੋਸੇ ਨੇ ਕਿਹਾ ਕਿ ਫ਼ੌਜ ਅਤੇ ਪੁਲਿਸ ਨੇ ਵਫ਼ਦ ਨੂੰ ਜਾਣਕਾਰੀ ਦਿਤੀ। ਨੌਜਵਾਨ ਕਾਰਕੁਨਾਂ ਨਾਲ ਵੀ ਉਨ੍ਹਾਂ ਦੀ ਗੱਲਬਾਤ ਹੋਈ ਅਤੇ ਅਮਨ ਕਾਇਮ ਕਰਨ ਦੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ। ਵਫ਼ਦ ਵਿਚ ਸ਼ਾਮਲ 23 ਸੰਸਦ ਮੈਂਬਰਾਂ ਵਿਚੋਂ ਕਈ ਸੰਸਦ ਮੈਂਬਰ ਆਪੋ ਅਪਣੇ ਦੇਸ਼ਾਂ ਵਿਚ ਮੁੱਖਧਾਰਾ ਦਾ ਹਿੱਸਾ ਨਹੀਂ ਹਨ। ਉਨ੍ਹਾਂ ਨੂੰ ਉਥੇ ਫ਼ਾਸ਼ੀਵਾਦੀ ਵਿਚਾਰਧਾਰਾ ਵਾਲੇ ਮੰਨਿਆ ਜਾਂਦਾ ਹੈ।

ਜੰਮੂ ਕਸ਼ਮੀਰ ਵਿਚ ਹਾਲਾਤ ਦਾ ਜਾਇਜ਼ਾ ਲੈਣ ਲਈ ਕਰਵਾਇਆ ਗਿਆ ਦੋ ਦਿਨਾ ਦੌਰਾ ਕਈ ਪੱਖਾਂ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਇਹ ਦੌਰਾ ਅਹਿਜੇ ਸਮੇਂ ਹੋਇਆ ਜਦ ਜੰਮੂ ਕਸ਼ਮੀਰ ਦਾ ਰਾਜ ਵਜੋਂ ਆਖ਼ਰੀ ਦਿਨ ਹੈ। ਵੀਰਵਾਰ ਨੂੰ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਅਤੇ ਕਸ਼ਮੀਰ ਅਤੇ ਲਦਾਖ਼ ਵਿਚ ਵੰਡ ਦਿਤਾ ਜਾਵੇਗਾ। ਪੋਲੈਂਡ ਦੇ ਸੰਸਦ ਮੈਂਬਰ ਰੇਜਾਰਡ ਜਾਰਨੇਕੀ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਕਸ਼ਮੀਰ ਬਾਰੇ ਅੰਤਰਰਾਸ਼ਟਰੀ ਮੀਡੀਆ ਨੇ ਜੋ ਵਿਖਾਇਆ, ਉਹ ਪੱਖਪਾਤੀ ਸੀ। ਉਨ੍ਹਾਂ ਕਿਹਾ, 'ਅਸੀਂ ਜੋ ਵੇਖਿਆ, ਅਪਣੇ ਦੇਸ਼ ਮੁੜ ਕੇ ਉਸ ਬਾਰੇ ਜਾਣਕਾਰੀ ਦੇਵਾਂਗੇ।' ਬ੍ਰਿਟੇਨ ਵਿਚ ਲਿਬਰਲ ਪਾਰਟੀ ਦੇ ਨਿਊਟਨ ਡਨ ਨੇ ਇਸ ਨੂੰ ਅੱਖਾਂ ਖੋਲ੍ਹਣ ਵਾਲਾ ਦੌਰਾ ਦਸਿਆ। ਉਨ੍ਹਾਂ ਕਿਹਾ ਕਿ ਉਹ ਹੁਣ ਭਾਰਤ ਨੂੰ ਸੱਭ ਤੋਂ ਸ਼ਾਂਤਮਈ ਦੇਸ਼ ਬਣਦਾ ਵੇਖਣਾ ਚਾਹੁੰਦੇ ਹਨ। ਲੋੜ ਹੈ ਕਿ ਸੰਸਾਰ ਅਤਿਵਾਦ ਵਿਰਧ ਲੜਾਈ ਵਿਚ ਉਹ ਭਾਰਤ ਨਾਲ ਖੜੇ ਹੋਣ।

ਦੌਰੇ ਦੇ ਖ਼ਰਚੇ 'ਤੇ ਉਠੇ ਸਵਾਲ :
ਯੂਰਪੀ ਸੰਸਦ ਮੈਂਬਰਾਂ ਦਾ ਦੌਰਾ ਵਿਵਾਦਾਂ ਵਿਚ ਘਿਰ ਗਿਆ ਹੈ। ਇਸ ਯਾਤਰਾ ਦੇ ਖ਼ਰਚੇ ਬਾਰੇ ਸਵਾਲ ਉਠ ਰਹੇ ਹਨ। ਕੁੱਝ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਯਾਤਰਾ ਦਾ ਪ੍ਰਬੰਧ ਗ਼ੈਰ ਸਰਕਾਰੀ ਸੰਸਥਾ ਨੇ ਇਸ ਵਾਅਦੇ ਨਾਲ ਕੀਤਾ ਸੀ ਕਿ ਸੰਸਦ ਮੈਂਬਰਾਂ ਦੀ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਵੇਗੀ। ਦੋ ਦਿਨ ਪਹਿਲਾਂ ਭਾਜਪਾ ਦੇ ਸੰਸਦ ਮੈਂਬਰ ਸੁਬਰਮਨੀਅਮ ਸਵਾਮੀ ਨੇ ਵੀ ਯੂਰਪੀ ਸੰਸਦ ਮੈਂਬਰਾਂ ਨੂੰ ਕਸ਼ਮੀਰ ਲਿਜਾਏ ਜਾਣ 'ਤੇ ਸਵਾਲ ਚੁੱਕੇ ਸਨ।