J-K: ਸ਼ੋਪੀਆਂ ਵਿਚ ਸੁਰੱਖਿਆ ਬਲਾਂ ਨੇ 3 ਅਤਿਵਾਦੀਆਂ ਨੂੰ ਘੇਰਿਆ, ਮੁੱਠਭੇੜ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਦੇ ਸ਼ੋਪੀਆਂ ਵਿਚ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚ ਮੁੱਠਭੇੜ......

India Army

ਜੰਮੂ (ਭਾਸ਼ਾ): ਕਸ਼ਮੀਰ ਦੇ ਸ਼ੋਪੀਆਂ ਵਿਚ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚ ਮੁੱਠਭੇੜ ਸ਼ੁਰੂ ਹੋ ਗਈ। ਸ਼ੋਪੀਆਂ ਜਿਲ੍ਹੇ ਦੇ ਸਨਗਰਾਨ ਇਲਾਕੇ ਵਿਚ ਇਕ ਘਰ ਵਿਚ ਤਿੰਨ ਅਤਿਵਾਦੀਆਂ ਦੇ ਛਿਪੇ ਹੋਣ ਦੀ ਸੰਦੇਹ ਜਤਾਈ ਜਾ ਰਹੀ ਹੈ। ਫੌਜ, ਸੀ.ਆਰ.ਪੀ.ਐਫ ਅਤੇ SOG ਦੀ ਸੰਯੁਕਤ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸੁਰੱਖਿਆ ਬਲਾਂ ਨੂੰ ਇਕ ਘਰ ਵਿਚ ਅਤਿਵਾਦੀਆਂ ਦੇ ਛਿਪੇ ਹੋਣ ਦੀ ਜਾਣਕਾਰੀ ਹੋਈ  ਤਾਂ ਸਰਚ ਆਪਰੇਸ਼ਨ ਚਲਾਇਆ। ਇਸ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਉਤੇ ਗੋਲੀਬਾਰੀ ਸ਼ੁਰੂ ਕਰ ਦਿਤੀ।

ਇਸ ਤੋਂ ਬਾਅਦ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚ ਮੁੱਠਭੇੜ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਅਵੰਤੀਪੁਰਾ ਇਲਾਕੇ ਵਿਚ ਫੌਜ ਨੇ 2 ਅਤਿਵਾਦੀਆਂ ਨੂੰ ਮਾਰ ਗਿਰਾਇਆ ਸੀ। ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੇ ਕੋਲ ਤੋਂ ਗੋਲਾ-ਬਾਰੂਦ ਵੀ ਬਰਾਮਦ ਕੀਤੇ ਸਨ। ਦੱਸ ਦਈਏ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕਸ਼ਮੀਰ ਘਾਟੀ ਵਿਚ ਇਸ ਸਾਲ ਆਪਰੇਸ਼ਨ ਆਲਆਊਟ ਦੇ ਤਹਿਤ 226 ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਢੇਰ ਕੀਤਾ ਹੈ। ਇਸ ਤੋਂ ਪਿਛਲੇ ਸਾਲ ਦਾ ਰਿਕਾਰਡ ਟੁੱਟ ਗਿਆ ਹੈ। 2017 ਵਿਚ 213 ਆਤੰਕਵਾਦੀ ਆਪਰੇਸ਼ਨ ਆਲਆਊਟ ਵਿਚ ਮਾਰੇ ਗਏ ਸਨ।

ਹਾਲਾਂਕਿ ਇਸ ਆਪਰੇਸ਼ਨ ਵਿਚ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਅਪਣੀ ਜਾਨ ਗੁਆਣੀ ਪਈ ਹੈ। ਇਕ ਰਿਪੋਰਟ ਦੇ ਮੁਤਾਬਕ 25 ਨਵੰਬਰ 2018 ਤੱਕ ਸੁਰੱਖਿਆ ਬਲਾਂ ਦੇ 56 ਜਵਾਨ ਸ਼ਹੀਦ ਹੋਏ ਹਨ। ਪਿਛਲੇ ਸਾਲ ਵੱਖ-ਵੱਖ ਆਪਰੇਸ਼ਨ ਦੇ ਦੌਰਾਨ 59 ਜਵਾਨ ਸ਼ਹੀਦ ਹੋਏ ਸਨ। ਸੂਤਰਾਂ ਦੇ ਮੁਤਾਬਕ ਇਸ ਸਾਲ ਪਾਕਿਸਤਾਨ ਦੀ ਖੁਫਿਆ ਏਜੰਸੀ ਆਈ.ਐਸ.ਆਈ ਅਤੇ ਅਤਿਵਾਦੀ ਸੰਗਠਨਾਂ ਨੇ ਕਸ਼ਮੀਰ ਦੇ 178 ਸਥਾਨਕ ਯੁਵਾਵਾਂ ਨੂੰ ਭਜਾ ਕੇ ਉਨ੍ਹਾਂ ਨੂੰ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਕੀਤਾ ਹੈ।

ਪਿਛਲੇ ਸਾਲ 128 ਸਥਾਨਕ ਯੁਵਾਵਾਂ ਨੂੰ ਅਤਿਵਾਦੀ ਸੰਗਠਨਾਂ ਵਿਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅਕਤੂਬਰ ਵਿਚ ਸਭ ਤੋਂ ਜ਼ਿਆਦਾ 33 ਸਥਾਨਕ ਯੁਵਾ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੋਏ ਹਨ।