ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਨੇ ਦੋ ਅਤਿਵਾਦੀ ਕੀਤੇ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਦੱਸਿਆ ਕਿ ਦੋਵੇਂ ਅਤਿਵਾਦੀ ਸਥਾਨਕ ਸਨ ਅਤੇ ਹਿਜਬੁਲ ਨਾਲ ਜੁੜੇ ਹੋਏ ਸਨ। ਅਤਿਵਾਦੀਆਂ ਦੀ ਪਛਾਣ ਆਦਿਲ ਅਤੇ ਅਦਨਾਨ ਅਹਿਮਦ ਦੇ ਤੌਰ 'ਤੇ ਹੋਈ ਹੈ।

police encounter

ਸ਼੍ਰੀਨਗਰ, ( ਭਾਸ਼ਾ ) : ਦੱਖਣੀ ਕਸ਼ਮੀਰ ਵਿਚ ਪੁਲਵਾਮਾ ਦੇ ਅਵੰਤੀਪੋਰਾ ਇਲਾਕੇ ਵਿਚ ਸੁਰੱਖਿਆਬਲਾਂ ਨੇ ਹਿਜਬੁਲ ਦੇ ਦੋ ਖ਼ਤਰਨਾਕ ਅਤਿਵਾਦੀਆਂ ਨੂੰ ਮਾਰ ਦਿਤਾ ਹੈ। ਇਨ੍ਹਾਂ ਅਤਿਵਾਦੀਆਂ ਕੋਲੋਂ ਵੱਡੀ ਗਿਣਤੀ ਵਿਚ ਅਸਲ੍ਹਾ ਬਰਾਮਦ ਹੋਇਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਲਸ਼ਕਰ-ਏ-ਤਾਈਬਾ ਦਾ ਅਤਿਵਾਦੀ ਨਵੀਦ ਜੱਟ ਬੜਗਾਮ ਜਿਲ੍ਹੇ ਵਿਚ ਸੁਰੱਖਿਆਬਲਾਂ ਦੇ ਨਾਲ ਮੁਠਭੇੜ 'ਚ ਮਾਰਿਆ ਗਿਆ ਸੀ। ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲਗਾ ਸੀ ਕਿ ਕੁਝ ਅਤਿਵਾਦੀ ਪੁਲਵਾਮਾ ਜਿਲ੍ਹੇ ਦੇ ਅਵੰਤੀਪੋਰਾ ਵਿਖੇ ਲੁਕੇ ਹੋਏ ਹਨ।

ਇਸ ਤੋਂ ਬਾਅਦ ਖੋਜ ਮੁਹਿੰਮ ਸ਼ੁਰੂ ਕੀਤੀ ਗਈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖੋਜ ਮੁਹਿੰਮ ਦੌਰਾਨ ਅਤਿਵਾਦੀਆਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿਤੀਆਂ। ਜਿਸ 'ਤੇ ਜਵਾਨਾਂ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਦੋ ਅਤਿਵਾਦੀਆਂ ਨੂੰ ਮਾਰ ਦਿਤਾ। ਮੁਠਭੇੜ ਖਤਮ ਹੋ ਗਈ ਹੈ। ਪਰ ਇਲਾਕੇ ਦੀ ਘੇਰਾਬੰਦੀ ਕਰ ਕੇ ਖੋਜ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ ਅਤਿਵਾਦੀ ਸਥਾਨਕ ਸਨ ਅਤੇ ਹਿਜਬੁਲ ਨਾਲ ਜੁੜੇ ਹੋਏ ਸਨ। ਮਾਰੇ ਗਏ ਅਤਿਵਾਦੀਆਂ ਦੀ ਪਛਾਣ ਅਵੰਤਪੋਰਾ ਨਿਵਾਸੀ ਆਦਿਲ ਅਤੇ ਅਦਨਾਨ ਅਹਿਮਦ ਦੇ ਤੌਰ 'ਤੇ ਹੋਈ ਹੈ।

ਦੋਹਾਂ ਦੇ ਕੋਲੋਂ ਵੱਡੀ ਗਿਣਤੀ ਵਿਚ ਹਥਿਆਰ ਬਰਾਮਦ ਹੋਏ ਹਨ। ਇਸ ਤੋਂ ਪਹਿਲਾਂ ਪੱਤਰਕਾਰ ਸ਼ੁਜਾਤ ਬੁਖ਼ਾਰੀ ਦਾ ਕਤਲ ਕਰਨ ਵਾਲੇ ਅਤਿਵਾਦੀ ਨਵੀਦ ਜੱਟ ਨੂੰ ਮਾਰ ਦਿਤਾ ਗਿਆ ਸੀ। ਰਾਜ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਸੀ ਕਿ ਨਵੀਦ ਏ ਸ਼੍ਰੇਣੀ ਦਾ ਅਤਿਵਾਦੀ ਸੀ। ਸਿੰਘ ਨੇ ਇਹ ਵੀ ਦੱਸਿਆ ਕਿ ਪਿਛਲੇ 10 ਮਹੀਨਿਆਂ ਵਿਚ 230 ਅਤਿਵਾਦੀ ਮਾਰੇ ਜਾ ਚੁੱਕੇ ਹਨ। ਇਸ ਕਾਰਨ ਕੁਝ ਸਮੇਂ ਤੋਂ ਕਸ਼ਮੀਰ ਵਿਚ ਅਤਿਵਾਦ ਦੀਆਂ ਘਟਨਾਵਾਂ ਵਿਚ ਕਮੀ ਆਈ ਹੈ।