PM Modi ਦੇ ਸੂਬੇ ਦੇ ਕਿਸਾਨਾਂ ਨੇ ਹੀ ਖੋਲ੍ਹੀ ਪ੍ਰਧਾਨ ਮੰਤਰੀ ਦੀ ਪੋਲ
"ਸਾਨੂੰ ਘਰਾਂ 'ਚ ਬੰਦ ਕਰ ਰਹੇ ਤਾਂ ਕਿ ਅਸੀਂ ਧਰਨਿਆਂ 'ਚ ਨਾ ਜਾ ਸਕੀਏ"
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਵਿਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਗੁਜਰਾਤ ਦੇ ਕਿਸਾਨਾਂ ਦਾ ਸਾਥ ਮਿਲਿਆ ਹੈ। ਗੁਜਰਾਤ ਦੇ ਕਿਸਾਨਾਂ ਨੇ ਕਿਹਾ ਕਿ ਉਹ ਦੋ ਦਿਨ ਤੋਂ ਟੀਵੀ 'ਤੇ ਦੇਖ ਰਹੇ ਨੇ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਸੰਘਰਸ਼ ਕਰ ਰਹੇ ਹਨ ਤੇ ਉਹਨਾਂ ਨੂੰ ਖਾਲਿਸਤਾਨੀ ਤੇ ਅੱਤਵਾਦੀ ਕਿਹਾ ਜਾ ਰਿਹਾ ਹੈ। ਇਸ ਲਈ ਉਹ ਕਿਸਾਨਾਂ ਨੂੰ ਸਮਰਥਨ ਦੇਣ ਦਿੱਲੀ ਪਹੁੰਚੇ ਹਨ।
ਗੁਜਰਾਤ ਦੇ ਕਿਸਾਨਾਂ ਨੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨੂੰ ਦੱਸਿਆ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਨਾਲ ਅੰਬਾਨੀ ਤੇ ਅਡਾਨੀ ਨੂੰ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਕਾਫਲਾ ਲੈ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਆਏ ਹਾਂ। ਕਿਸਾਨ ਨੇ ਦੱਸਿਆ ਕਿ ਗੁਜਰਾਤ ਵਿਚ ਉਹਨਾਂ ਦੇ ਕਈ ਕਿਸਾਨ ਭਰਾਵਾਂ ਨੂੰ ਘਰਾਂ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਹੈ ਤਾਂ ਜੋ ਉਹ ਧਰਨਿਆਂ ਵਿਚ ਨਾ ਜਾ ਸਕਣ।
ਉਹਨਾਂ ਦੇ ਘਰਾਂ ਦੇ ਬਾਹਰ ਪੁਲਿਸ ਤਾਇਨਾਤ ਕੀਤੀ ਗਈ ਹੈ। ਕਿਸਾਨ ਨੇ ਕਿਹਾ ਕਿ ਉਹ ਲੁਕ-ਲੁਕਾ ਕੇ ਦਿੱਲੀ ਪਹੁੰਚੇ ਹਨ ਤੇ ਉਹਨਾਂ ਦੇ ਹੋਰ ਸਾਥੀ ਵੀ ਦਿੱਲੀ ਆ ਰਹੇ ਹਨ। ਉਹਨਾਂ ਦੱਸਿਆ ਕਿ ਗੁਜਰਾਤ ਦੇ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੈ, ਸਰਕਾਰ ਉਹਨਾਂ ਨੂੰ ਕਿਸੇ ਵੀ ਫਸਲ ਦਾ ਸਹੀ ਮੁੱਲ ਨਹੀਂ ਦੇ ਰਹੀ। ਸਰਕਾਰ ਮੀਡੀਆ ਨੂੰ ਖਰੀਦ ਕੇ ਗੁਜਰਾਤ ਨੂੰ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਅਜਿਹਾ ਨਹੀਂ ਹੈ। ਗੁਜਰਾਤ ਦੇ ਕਿਸਾਨ ਬਹੁਤ ਪਰੇਸ਼ਾਨ ਹਨ।
ਕਿਸਾਨਾਂ ਨੇ ਕਿਹਾ ਕਿ ਮੀਡੀਆ ਵੱਲੋਂ ਕਿਸਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਕਿਸੇ ਵੀ ਹਾਲਤ 'ਚ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ।
ਕਿਸਾਨੀ ਸੰਘਰਸ਼ ਵਿਚ ਸ਼ਾਮਲ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਨੇ ਕਿਹਾ ਕਿ ਉਹਨਾਂ ਨੇ ਦਿੱਲੀ ਮੋਰਚੇ ਵਿਚ ਪਹੁੰਚੇ ਗੁਜਰਾਤ ਦੇ ਕਿਸਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕਿ ਉਹ ਇੱਥੇ ਪਹੁੰਚੇ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਦਾ ਮੀਡੀਆ ਇਸ ਸੰਘਰਸ਼ ਨੂੰ ਖਾਲਿਸਤਾਨੀ ਜਾਂ ਅੱਤਵਾਦ ਕਹਿ ਰਹੇ ਹਨ। ਸਾਨੂੰ ਧਰਮਾਂ ਦੇ ਨਾਂਅ 'ਤੇ ਨਹੀਂ ਵੰਡਿਆ ਜਾ ਸਕਦਾ, ਅਸੀਂ ਸੰਘਰਸ਼ ਵਿਚ ਕਿਸਾਨ ਭਰਾਵਾਂ ਨਾਲ ਗਲਵਕੜੀਆਂ ਪਾ ਕੇ ਖੜ੍ਹੇ ਹਾਂ। ਭਾਈ ਮਾਂਝੀ ਨੇ ਕਿਹਾ ਕਿ ਪੰਜਾਬੀਆਂ ਅੰਦਰ ਗੁਰੂ ਨਾਨਕ ਦੇਵ ਜੀ ਨੇ ਜਾਬਰ ਅੱਗੇ ਖੜ੍ਹਨ ਦਾ ਜੋਸ਼ ਭਰਿਆ ਹੈ।
ਗੁਜਰਾਤ ਦੇ ਇਕ ਹੋਰ ਕਿਸਾਨ ਨੇ ਕਿਹਾ ਕਿ ਪੀਐਮ ਮੋਦੀ ਗੁਜਰਾਤ ਦੇ ਜਿਸ ਵਿਕਾਸ ਮਾਡਲ ਨੂੰ ਦੁਨੀਆਂ ਭਰ 'ਚ ਦਿਖਾ ਰਹੇ ਨੇ, ਉਹ ਵਿਕਾਸ ਮਾਡਲ ਨਹੀਂ ਵਿਨਾਸ਼ ਮਾਡਲ ਹੈ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਸਾਹਮਣੇ ਉਹਨਾਂ ਦੇ ਜਵਾਨ ਪੁੱਤਰਾਂ ਨੂੰ ਬੰਦੂਕਾਂ ਲੈ ਕੇ ਖੜ੍ਹੇ ਕਰ ਦਿੱਤਾ ਹੈ। ਪਰ ਸਰਕਾਰ ਦੀ ਇਹ ਕੋਸ਼ਿਸ਼ ਕਿਸਾਨੀ ਅੰਦੋਲਨ ਨੂੰ ਖਤਮ ਨਹੀਂ ਕਰ ਸਕਦੀ।
ਕਿਸਾਨਾਂ ਦੇ ਹੱਥਾਂ ਵਿਚ ਕੇਂਦਰ ਸਰਕਾਰ ਵਿਰੋਧੀ ਬੈਨਰ ਫੜੇ ਹੋਏ ਹਨ, ਜਿਨ੍ਹਾਂ 'ਤੇ ਸਰਕਾਰ ਵਿਰੋਧੀ ਨਾਅਰੇ ਲਿਖੇ ਗਏ। ਕਿਸਾਨਾਂ ਨੇ ਕਿਹਾ ਇਹ ਸਰਕਾਰ ਅੰਗਰੇਜ਼ਾਂ ਤੋਂ ਵੀ ਜ਼ਿਆਦਾ ਜ਼ਾਲਮ ਸਰਕਾਰ ਹੈ। ਉਹਨਾਂ ਕਿਹਾ ਪੰਜਾਬ ਤੇ ਹਰਿਆਣਾ ਦੇ ਕਿਸਾਨ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰਦੇ ਹਨ ਤੇ ਸਾਨੂੰ ਮਾਣ ਹੈ ਕਿ ਅਸੀਂ ਇਹਨਾਂ ਸਰਦਾਰਾਂ ਦੀ ਧਰਤੀ 'ਤੇ ਪਹੁੰਚੇ ਹਾਂ। ਉਹਨਾਂ ਨੇ ਮੋਦੀ ਸਰਕਾਰ ਨੂੰ ਸੰਦੇਸ਼ ਦਿੱਤਾ ਕਿ ਇਹ ਦੇਸ਼ ਅੰਬਾਨੀ ਅਡਾਨੀ ਦਾ ਨਹੀਂ ਕਿਸਾਨਾਂ ਦਾ ਦੇਸ਼ ਹੈ।
ਉਹਨਾਂ ਕਿਹਾ ਕੁਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਗਿਆ, ਇਸ ਦਾ ਜਵਾਬ ਦੇਣ ਲਈ ਉਹ ਦਿੱਲੀ ਆਏ ਹਨ। ਬਾਕੀ ਸੂਬਿਆਂ ਤੋਂ ਆਏ ਕਿਸਾਨਾਂ ਦਾ ਜੋਸ਼ ਕਿਸਾਨੀ ਸੰਘਰਸ਼ ਦੀ ਤਾਕਤ ਵਿਚ ਹੋਰ ਵਾਧਾ ਕਰ ਰਿਹਾ ਹੈ ਤੇ ਇਹ ਸੰਘਰਸ਼ ਅਪਣੇ ਹੱਕਾਂ ਦੀ ਰਾਖੀ ਲਈ ਸਰਕਾਰ ਨੂੰ ਲਲਕਾਰ ਰਿਹਾ ਹੈ।