ਦੇਸ਼ ਦੇ ਕਈ ਹਿੱਸਿਆਂ 'ਚ ਡਿੱਗਿਆ ਪਾਰਾ, ਆਉਣ ਵਾਲੇ ਦਿਨਾਂ 'ਚ ਪਵੇਗੀ ਕੜਾਕੇ ਦੀ ਠੰਢ
ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਪੈ ਰਹੀ ਹੈ ਭਾਰੀ ਸਰਦੀ
ਨਵੀਂ ਦਿੱਲੀ: ਆਉਣ ਵਾਲੇ ਦਿਨਾਂ 'ਚ ਦੇਸ਼ ਦੇ ਕਈ ਹਿੱਸਿਆਂ ਵਿਚ ਕੜਾਕੇ ਦੀ ਠੰਢ ਪੈਣ ਦੀ ਸੰਭਾਵਨਾ ਹੈ। ਪਹਾੜੀ ਖੇਤਰਾਂ ਵਿਚ ਲਗਾਤਾਰ ਹੋ ਰਹੀ ਬਰਫਬਾਰੀ ਮੈਦਾਨੀ ਇਲਾਕਿਆਂ ਦੀ ਠੰਢ ਵਿਚ ਵੀ ਵਾਧਾ ਕਰ ਰਹੀ ਹੈ। ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਜੰਮੂ-ਕਸ਼ਮੀਰ ਇਸ ਸਮੇਂ ਪੂਰੀ ਤਰ੍ਹਾਂ ਬਰਫ ਦੀ ਚਾਦਰ ਨਾਲ ਢਕੇ ਹੋਏ ਹਨ।
ਦੂਜੇ ਪਾਸੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਪਾਰਾ ਲਗਾਤਾਰ ਡਿਗਣ ਕਾਰਨ ਲੋਕ ਕੜਾਕੇ ਦੀ ਠੰਢ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਦੱਖਣੀ ਭਾਰਤ ਵਿਚ ਨਿਵਾਰ ਤੋਂ ਬਾਅਦ ਹੁਣ ਬੁਰਵੇਈ ਚੱਕਰਵਾਤੀ ਤੂਫਾਨ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿਚ ਉੱਤਰ ਪ੍ਰਦੇਸ਼ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਸਵੇਰ-ਸ਼ਾਮ ਧੁੰਦ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਦਿਨ ਵਿਚ ਮੌਸਮ ਸਾਫ ਰਹੇਗਾ।
ਬੁੱਧਵਾਰ ਨੂੰ ਲਖਨਊ ਵਿਚ ਜ਼ਿਆਦਾਤਰ ਤਾਪਮਾਨ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਉਤਰਾਖੰਡ ਵਿਚ ਘੱਟੋ ਘੱਟ ਤਾਪਮਾਨ ਵਿਚ ਗਿਰਾਵਟ ਦੇ ਨਾਲ ਠੰਢ ਵਧਣ ਲੱਗੀ ਹੈ। 4 ਦਸੰਬਰ ਤੋਂ ਬਾਅਦ ਉਤਰਾਖੰਡ ਵਿਚ ਠੰਢ ਵਿਚ ਹੋਰ ਵਾਧਾ ਹੋ ਸਕਦਾ ਹੈ।