ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ 'ਚ UP ਸਰਕਾਰ ਦੀ ਦਲੀਲ- ਪਾਕਿਸਤਾਨ ਤੋਂ ਆਉਂਦੀ ਹੈ ਪ੍ਰਦੂਸ਼ਿਤ ਹਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ 'ਚ ਪ੍ਰਦੂਸ਼ਣ ਮਾਮਲੇ 'ਤੇ ਸੁਣਵਾਈ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੇ ਅਜੀਬ ਦਲੀਲ ਦਿੱਤੀ।

UP govt tells SC polluted air coming from Pakistan

ਨਵੀਂ ਦਿੱਲੀ: ਸੁਪਰੀਮ ਕੋਰਟ 'ਚ ਪ੍ਰਦੂਸ਼ਣ ਮਾਮਲੇ 'ਤੇ ਸੁਣਵਾਈ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੇ ਅਜੀਬ ਦਲੀਲ ਦਿੱਤੀ। ਯੂਪੀ ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਪ੍ਰਦੂਸ਼ਣ ਦਾ ਕਾਰਨ ਪਾਕਿਸਤਾਨ ਤੋਂ ਆਉਣ ਵਾਲੀ ਪ੍ਰਦੂਸ਼ਿਤ ਹਵਾ ਹੈ। ਦਿੱਲੀ ਦੇ ਪ੍ਰਦੂਸ਼ਣ ਵਿਚ ਉੱਤਰ ਪ੍ਰਦੇਸ਼ ਦੇ ਉਦਯੋਗਾਂ ਦੀ ਕੋਈ ਭੂਮਿਕਾ ਨਹੀਂ ਹੈ। ਇਸ 'ਤੇ ਚੀਫ ਜਸਟਿਸ ਐਨਵੀ ਰਮਨਾ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ- ਕੀ ਤੁਸੀਂ ਚਾਹੁੰਦੇ ਹੋ ਕਿ ਪਾਕਿਸਤਾਨ 'ਚ ਇੰਡਸਟਰੀ ਬੰਦ ਕਰਾ ਦਿੱਤੀ ਜਾਵੇ?

ਸੀਨੀਅਰ ਵਕੀਲ ਰਣਜੀਤ ਕੁਮਾਰ ਨੇ ਦਿੱਲੀ-ਐੱਨਸੀਆਰ 'ਚ ਪ੍ਰਦੂਸ਼ਣ ਨੂੰ ਲੈ ਕੇ ਪਟੀਸ਼ਨ 'ਤੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਦਲੀਲ ਦਿੱਤੀ। ਉਹਨਾਂ ਕਿਹਾ, "ਜੋ ਉਦਯੋਗ ਉੱਤਰ ਪ੍ਰਦੇਸ਼ ਵਿਚ ਹਨ, ਹਵਾ ਦਾ ਵਹਾਅ ਉਹਨਾਂ ਵੱਲ ਹੈ। ਪ੍ਰਦੂਸ਼ਿਤ ਹਵਾ ਦਿੱਲੀ ਵੱਲ ਨਹੀਂ ਜਾਂਦੀ। ਪਾਕਿਸਤਾਨ ਤੋਂ ਆਉਣ ਵਾਲੀ ਪ੍ਰਦੂਸ਼ਿਤ ਹਵਾ ਦਿੱਲੀ ਦੀ ਹਵਾ ਨੂੰ ਖਰਾਬ ਕਰਨ ਲਈ ਜ਼ਿੰਮੇਵਾਰ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੀ ਗੰਨਾ ਅਤੇ ਦੁੱਧ ਇੰਡਸਟਰੀ 'ਤੇ 8 ਘੰਟੇ ਦੀ ਪਾਬੰਦੀ ਦਾ ਅਸਰ ਪਿਆ ਹੈ"। 

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਨੂੰ ਲੈ ਕੇ ਮੀਡੀਆ ਰਿਪੋਰਟਾਂ 'ਤੇ ਫਿਰ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਕੁਝ ਲੋਕ ਕਹਿਣ ਲੱਗੇ ਕਿ ਅਸੀਂ ਵਿਦਿਆਰਥੀਆਂ ਦੇ ਸਮਰਥਨ 'ਚ ਨਹੀਂ ਹਾਂ। ਅਸੀਂ ਕਦੋਂ ਕਿਹਾ ਕਿ ਅਸੀਂ ਦਿੱਲੀ ਦੀ ਸਰਕਾਰ ਚਲਾਵਾਂਗੇ ਅਤੇ ਇਸ ਦਾ ਪ੍ਰਬੰਧ ਕਰਾਂਗੇ? ਅੱਜ ਦਾ ਪੇਪਰ ਦੇਖੋ। ਤੁਸੀਂ ਜਾ ਕੇ ਲੋਕਾਂ ਨੂੰ ਸਮਝਾ ਸਕਦੇ ਹੋ। ਅਸੀਂ ਨਹੀਂ ਕਰ ਸਕਦੇ। ਸੀਜੇਆਈ ਨੇ ਕਿਹਾ ਕਿ ਵੀਡੀਓ ਸੁਣਵਾਈ ਵਿਚ ਇਹ ਪਤਾ ਨਹੀਂ ਲੱਗ ਰਿਹਾ ਹੈ ਕਿ ਕੌਣ ਰਿਪੋਰਟ ਕਰ ਰਿਹਾ ਹੈ? ਕੁਝ ਲੋਕਾਂ ਵੱਲੋਂ ਕਿਹਾ ਗਿਆ ਕਿ ਅਸੀਂ ਵਿਦਿਆਰਥੀਆਂ ਦੀ ਭਲਾਈ ਦੇ ਹੱਕ ਵਿਚ ਨਹੀਂ ਹਾਂ।

ਅਭਿਸ਼ੇਕ ਮਨੂ ਸਿੰਘਵੀ ਨੇ ਦਿੱਲੀ ਸਰਕਾਰ ਦਾ ਹਲਫਨਾਮਾ ਪੜ੍ਹਿਆ ਅਤੇ ਹਸਪਤਾਲ ਦੀਆਂ ਥਾਵਾਂ 'ਤੇ ਨਿਰਮਾਣ ਜਾਰੀ ਰੱਖਣ ਦੀ ਅਪੀਲ ਕੀਤੀ। ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਦਾ ਸਮਰਥਨ ਕੀਤਾ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਐਨਸੀਆਰ ਨੂੰ ਸਾਰੇ ਉਪਾਵਾਂ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਅਤੇ ਮਾਮਲੇ ਨੂੰ ਲੰਬਿਤ ਰੱਖਿਆ। ਦਿੱਲੀ ਸਰਕਾਰ ਦੇ ਕੋਵਿਡ ਹਸਪਤਾਲਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ। ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ।