ਰਾਕੇਸ਼ ਟਿਕੈਤ ਨੂੰ ਮਿਲਣ ਪਹੁੰਚੇ ਗਾਇਕ ਕੁਲਬੀਰ ਝਿੰਜਰ, ਨੌਜਵਾਨਾਂ ਨੂੰ ਜ਼ਾਬਤੇ ਰਹਿਣ ਦੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਜੋਸ਼ ਦੇ ਨਾਲ-ਨਾਲ ਹੋਸ਼ ਜ਼ਰੂਰੀ, ਠਰੰਮੇ ਨਾਲ ਕੀਤੇ ਫ਼ੈਸਲੇ ਹੀ ਸਹੀ ਹੁੰਦੇ ਹਨ

Singer Kulbir Jhinjar

ਨਵੀਂ ਦਿੱਲੀ (ਸ਼ੈਸ਼ਵ ਨਾਗਰਾ) : ਕਿਸਾਨੀ ਅੰਦੋਲਨ ਨੂੰ ਚਰਮ-ਸੀਮਾ ’ਤੇ ਪਹੁੰਚਾਉਣ ਲਈ ਪੰਜਾਬੀ ਗਾਇਕਾਂ ਦਾ  ਵਡਮੁੱਲਾ ਯੋਗਦਾਨ ਹੈ। ਅੰਦੋਲਨ ਤੋਂ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਪੰਜਾਬੀ ਗਾਇਕ ਅਤੇ ਕਲਾਕਾਰ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ। 26/1 ਦੇ ਝਟਕੇ ਤੋਂ ਬਾਅਦ ਤੋਂ ਕਿਸਾਨੀ ਸੰਘਰਸ਼ ਨੂੰ ਮੁੜ ਪੈਰਾ ਸਿਰ ਕਰਨ ਵਿਚ ਪੰਜਾਬੀ ਗਾਇਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ। 

ਕਿਸਾਨੀ ਸੰਘਰਸ਼ ਦੇ ਜਨ-ਅੰਦੋਲਨ ’ਚ ਤਬਦੀਲ ਹੋਣ ਅਤੇ ਇਸ ਨੂੰ ਲੈ ਕੇ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਪ੍ਰਸਿੱਧ ਗਾਇਕ ਕੁਲਬੀਰ ਝਿੰਜਰ ਕਹਿੰਦੇ ਹਨ ਕਿ ਕਲਾਕਾਰ ਨਰਮ ਦਿਲ ਦੇੇ ਹੁੰਦੇ ਹਨ ਜੋ ਦੂਜਿਆਂ ਦਾ ਦਰਦ ਛੇਤੀ ਸਮਝ ਜਾਂਦੇ ਹਨ। ਕਿਸਾਨੀ ’ਤੇ ਪਈ ਭੀੜ ਤਾਂ ਸਾਡਾ ਅਪਣਾ ਦਰਦ ਹੈ ਕਿਉਂਕਿ ਜ਼ਿਆਦਾਤਰ ਗਾਇਕ ਵੀ ਕਿਸਾਨੀ ਪਰਵਾਰਾਂ ਨਾਲ ਸਬੰਧਤ ਹਨ, ਇਸ ਲਈ ਅਸੀਂ ਅਪਣਾ ਹੀ ਦਰਦ ਬਿਆਨ ਕਰ ਰਹੇ ਹਾਂ। 

ਗਾਇਕਾਂ ਨੂੰ ਕਿਸਾਨ ਆਗੂਆਂ ਦੀ ਰਹਿਨੁਮਾਈ ਹੇਠ ਵਿਚਰਨ ਦੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਕਜੁਟ ਹੋ ਕੇ ਟੀਚੇ ਦੀ ਪ੍ਰਾਪਤੀ ਲਈ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਗਾਜੀਪੁਰ ਬਾਰਡਰ ’ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮਿਲਣੀ ਲਈ ਆਏ ਸਾਂ ਜਿਨ੍ਹਾਂ ਨੇ ਸੰਘਰਸ਼ ’ਚ ਨਵੀਂ ਰੂਹ ਫੂਕੀ ਹੈ। ਉਨ੍ਹਾਂ ਨੇ ਸੰਘਰਸ਼ ਨੂੰ ਧਰਮਾਂ ਵਾਲੇ ਚੱਕਰਾਂ ’ਚੋਂ ਕੱਢ ਕੇ ਮੁੜ ਕਿਸਾਨੀ ਅੰਦੋਲਨ ਬਣਾ ਦਿਤਾ ਹੈ, ਜੋ ਬੜੀ ਵਧੀਆ ਗੱਲ ਹੈ। ਨੌਜਵਾਨਾਂ ਨੂੰ ਹੋਸ਼ ’ਚ ਰਹਿਣ ਦਾ ਸੰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਜੋਸ਼ ਦੇ ਨਾਲ-ਨਾਲ ਹੋਸ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਇਕੱਲੇ ਜੋਸ਼ ਦੇ ਮਾੜੇ ਤਜਰਬੇ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਹੋਸ਼ ਵਿਚ ਰਹਿ ਕੇ ਜੋਸ਼ ਦੀ ਵਰਤੋਂ ਕਰਦੇ ਹਾਂ ਤਾਂ ਇਸ ਦੇ ਸਾਰਥਕ ਨਤੀਜੇ ਨਿਕਲਦੇ ਹਨ। 

ਉਨ੍ਹਾਂ ਕਿਹਾ ਜੇਕਰ ਅਸੀਂ ਬਿਨਾਂ ਸੋਚੇ ਜੋਸ਼ ਵਿਚ ਕਿਤੇ ਮੁੱਕੀ ਮਾਰਦੇ ਹਾਂ ਤਾਂ ਉਸ ਦਾ ਦਰਦ ਸਾਨੂੰ ਸਹਿਣਾ ਪੈਂਦਾ ਹੈ। ਸੋ ਜੇਕਰ ਜੋਸ਼ ਦੇ ਨਾਲ-ਨਾਲ ਹੋਸ਼ ਦਾ ਵੀ ਇਸਤੇਮਾਲ ਕਰ ਲਿਆ ਜਾਵੇ ਤਾਂ ਜੋਸ਼ ਦੇ ਵੀ ਸਾਰਥਿਕ ਨਤੀਜੇ ਸਾਹਮਣੇ ਆ ਸਕਦੇ ਹਨ। ਹੁਣ ਤਾਂ ਹੋਸ਼ ਵਿਚ ਰਹਿਣ ਦੇ ਮਾਇਨੇ ਹੋਰ ਵੀ ਵੱਧ ਗਏ ਹਨ ਕਿਉਂਕਿ ਕਿਸਾਨੀ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਸ ਦਾ ਸ਼ਾਂਤਮਈ ਰਹਿਣਾ ਹੈ। ਜੇਕਰ ਅਸੀਂ ਜੋਸ਼ ਵਿਚ ਆ ਕੇ ਕੋਈ ਭੰਨ-ਤੋੜ ਜਾਂ ਭੜਕਾਹਟ ਵਾਲੀ ਕਾਰਵਾਈ ਕਰਾਂਗੇ ਤਾਂ ਉਹ ਇਕ ਤਰ੍ਹਾਂ ਨਾਲ ਸਰਕਾਰ ਦੀ ਹੀ ਮਦਦ ਕਰ ਰਹੇ ਹੋਵਾਂਗੇ।

ਅੱਜ ਜੇਕਰ ਵਿਸ਼ਵ ਪੱਧਰ ਦੀਆਂ ਸ਼ਖ਼ਸੀਅਤਾਂ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੀਆਂ ਹਨ ਤਾਂ ਇਹ ਇਸ ਦੇ ਸ਼ਾਂਤਮਈ ਰਹਿਣ ਦੀ ਬਦੌਲਤ ਹੀ ਹੈ। ਸਾਨੂੰ ਅਜਿਹਾ ਕੋਈ ਵੀ ਕਦਮ ਨਹੀਂ  ਚੁਕਣਾ ਚਾਹੀਦਾ ਜਿਸ ਤੋਂ ਇਹ ਸੁਨੇਹਾ ਜਾਵੇ ਕਿ ਅਸੀਂ ਅਪਣੇ ਦੇਸ਼ ਦੀ ਡੈਮੋਕ੍ਰੈਸੀ ਜਾਂ ਤਰੰਗੇ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਭਾਵੇਂ ਅਜੇ ਤਕ ਇੱਥੇ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ, ਫਿਰ ਵੀ ਕੁੱਝ ਪੱਖਪਾਤੀ ਮੀਡੀਆ ਗਰੁੱਪਾਂ ਵਲੋਂ ਇਸ ਦਾ ਪ੍ਰਚਾਰ ਜਾ ਰਿਹਾ ਹੈ ਜੋ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡਾ ਤਰੰਗਾ ਝੰਡਾ ਹਮੇਸ਼ਾ ਉੱਚਾ ਹੀ ਰਹੇਗਾ ਅਤੇ ਇਸ ਨੂੰ ਕੋਈ ਤਾਕਤ ਨਾ ਹੀ ਨੀਵਾ ਨਹੀਂ ਵਿਖਾ ਸਕਦੀ।   

https://www.facebook.com/watch/?v=1729394383911229