ਡੱਲੇਵਾਲ ਦਾ ਵੱਡਾ ਚੈਲੰਜ, ਕੋਈ ਵੀ ਮੇਰਾ ਸੰਬੰਧ ਕਿਸੇ ਰਾਜਨੀਤਕ ਪਾਰਟੀ ਨਾਲ ਸਾਬਿਤ ਕਰਕੇ ਦਿਖਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ...

Dalewal

ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਇਸ ਬਾਰੇ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਵੱਲੋਂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਸੜਕਾਂ ਉਤੇ ਬੈਰੀਕੇਡਿੰਗ ਲਗਾ, ਸੜਕਾਂ ‘ਤੇ ਕਿਲਾਂ ਲਗਾ, ਕੰਕਰੀਟ ਦੀਆਂ ਦੀਵਾਰਾਂ ਬਣਾ ਰਹੀ ਹੈ ਇਸਤੋਂ ਪਤਾ ਚਲਦਾ ਹੈ ਕਿ ਮੋਦੀ ਸਰਕਾਰ ਬੁਖਲਾਹਟ ਵਿਚ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਪਣਾ ਦੇਸ਼ ਦੇ ਕਿਸਾਨਾਂ ਤੋਂ ਦੇਸ਼ ਦੇ ਲੋਕਾਂ ਤੋਂ ਕੀ ਡਰ ਹੈ? ਕਿਉਂ ਅਜਿਹੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ? ਕਿਉਂਕਿ ਸਰਕਾਰ ਵੱਲੋਂ ਕਿਸਾਨ ਅੰਦੋਲਨਕਾਰੀਆਂ ਨੂੰ ਹੁੰਲੜਬਾਜ਼ ਸਾਬਤ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ।

ਡੱਲੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਚਲਦਿਆ ਘੱਟੋ-ਘੱਟ 6 ਮਹੀਨੇ ਦਾ ਸਮਾਂ ਹੋ ਚੁੱਕਾ ਪਰ ਅਸੀਂ ਕਿਸੇ ਰੇਲਵੇ, ਜਾਂ ਬੱਸਾਂ, ਸਰਕਾਰੀ ਅਦਾਰੇ ਕਿਸੇ ਦਾ ਨੁਕਸਾਨ ਕੀਤਾ ਹੋਵੇ, ਸਾਡਾ ਅੰਦੋਲਨ ਸ਼ੁਰੂ ਤੋਂ ਹੀ ਸ਼ਾਂਤਮਈ ਰਿਹਾ ਹੈ ਪਰ ਸਰਕਾਰ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੀ ਹੈ। ਡੱਲੇਵਾਲ ਨੇ ਦੀਪ ਸਿੱਧੂ ਸਣੇ ਹੋਰਨਾਂ ਉਤੇ ਦਿੱਲੀ ਪੁਲਿਸ ਉਤੇ ਰੱਖੇ ਗਏ ਇਨਾਮਾਂ ਬਾਰੇ ਕਿਹਾ ਕਿ ਪੁਲਿਸ ਕਿਸੇ ਨੂੰ ਗਲਤ ਕੇਸ ਵਿਚ ਫਸਾਉਂਦੀ ਹੈ ਤਾਂ ਬਹੁਤ ਮਾੜੀ ਗੱਲ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਨੂੰ ਲੋਕਾਂ ਉਤੇ ਕਾਰਵਾਈ ਕਰਨ ਦੀ ਬਜਾਏ ਪੁਲਿਸ ਅਤੇ ਅੰਦੋਲਨ ਨੂੰ ਬਦਨਾਮ ਕਰਨ ਵਾਲਿਆਂ ਉਤੇ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਲਾਲ ਕਿਲ੍ਹੇ ਵਿਚ ਗਣਤੰਤਰਤਾ ਦਿਵਸ ਮੌਕੇ ਪੁਲਿਸ ਪ੍ਰਸਾਸ਼ਨ ਵੱਲੋਂ ਐਨੀ ਜ਼ਿਆਦਾ ਢਿੱਲ ਵਰਤਣੀ ਕਿਸਾਨਾਂ ਖਿਲਾਫ਼ ਕੋਈ ਸਾਜਿਸ਼ ਤੋਂ ਘੱਟ ਨਹੀਂ ਹੈ। ਡੱਲੇਵਾਲ ਵੱਲੋਂ ਦੀਪ ਸਿੱਧੂ ਬਾਰੇ ਟਿੱਪਣੀ ਕਰਨ ‘ਤੇ ਕਿਹਾ ਕਿ ਮੈਂ ਇਨ੍ਹਾਂ ਗੱਲਾਂ ਨੂੰ ਵਾਜ਼ਬ ਨਹੀਂ ਸਮਝਦਾ ਕਿਉਂਕਿ ਲੋਕਾਂ ਨੂੰ ਹੁਣ ਤੱਕ ਸਾਰੀ ਸਚਾਈ ਦਾ ਪਤਾ ਲੱਗ ਚੁੱਕਿਆ ਹੈ ਅਤੇ ਸਾਨੂੰ ਮੁੱਦੇ ਤੋਂ ਨਹੀਂ ਭੜਕਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਉਤੇ ਜਿਹੜੇ ਲੋਕ ਇਲਜ਼ਾਮ ਲਗਾ ਰਹੇ ਹਨ ਉਨ੍ਹਾਂ ਨੂੰ ਕਿਸਾਨੀ ਅੰਦਲਨ ਦਾ ਕੋਈ ਫ਼ਿਕਰ ਨਹੀਂ ਹੋਵੇਗਾ, ਜਿਹੜੇ ਅੱਜ ਦੇ ਹਾਲਾਤਾਂ ਵਿਚ ਕਿਸੇ ਹੋਰ ਮਸਲੇ ਦੀ ਚਰਚਾ ਛੇੜਨਾ ਚਾਹੁੰਦੇ ਹਨ। ਡੱਲੇਵਾਲ ਨੇ ਕਿਹਾ ਕਿ ਹੁਣ ਸਿਰਫ਼ ਸਾਨੂੰ ਸਭ ਨੂੰ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਰੇ ਹੀ ਸੋਚਣਾ ਚਾਹੀਦਾ ਹੈ, ਬਾਅਦ ‘ਚ ਸਾਡੇ ਨਾਲ ਕੋਈ ਵੀ ਟੇਬਲ ਉਤੇ ਬੈਠਕ ਕਰ ਲੈਣ ਅਸੀਂ ਤਿਆਰ ਹਾਂ। ਡੱਲੇਵਾਲ ਨੇ ਕਿਹਾ ਕਿ ਪੂਰੀ ਜ਼ਿੰਦਗੀ ਵਿਚ ਕੋਈ ਵੀ ਵਿਅਕਤੀ ਮੇਰਾ ਕਿਸੇ ਰਾਜਨੀਤਿਕ ਪਾਰਟੀ, ਜਾਂ ਸਿਆਸੀ ਆਗੂ ਨਾਲ ਸੰਬੰਧ ਸਾਬਤ ਕਰਕੇ ਦਿਖਾ ਦਵੇ ਤਾਂ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ।