ਭਾਰਤ ਸਰਕਾਰ ਲਈ ਭਾਰਤੀ ਹਸਤੀਆਂ ਵੱਲੋਂ ਪੱਛਮੀ ਹਸਤੀਆਂ ‘ਤੇ ਪਲਟਵਾਰ ਕਰਨਾ ਸ਼ਰਮਨਾਕ- ਸ਼ਸ਼ੀ ਥਰੂਰ
ਸਰਕਾਰ ਦੇ ਅੜੀਅਲ ਰਵੱਈਏ ਨਾਲ ਦੇਸ਼ ਦੇ ਅਕਸ ਨੂੰ ਹੋਇਆ ਨੁਕਸਾਨ, ਕ੍ਰਿਕਟਰ ਦੇ ਟਵੀਟ ਨਾਲ ਠੀਕ ਨਹੀਂ ਹੋਵੇਗਾ- ਸ਼ਸ਼ੀ ਥਰੂਰ
ਨਵੀਂ ਦਿੱਲੀ: ਬੀਤੇ ਦਿਨ ਕਿਸਾਨ ਅੰਦੋਲਨ ਦਾ ਕੌਮਾਂਤਰੀ ਹਸਤੀਆਂ ਵੱਲੋਂ ਸਮਰਥਨ ਕਰਨ ਤੋਂ ਬਾਅਦ ਭਾਰਤ ਸਰਕਾਰ ਦੀ ਪ੍ਰਤੀਕਿਰਿਆ ਸਾਹਮਣੇ ਆਈ। ਸਰਕਾਰ ਦੇ ਬਿਆਨ ਤੋਂ ਬਾਅਦ ਮਨੋਰੰਜਨ ਜਗਤ ਅਤੇ ਖੇਡ ਜਗਤ ਦੀਆਂ ਹਸਤੀਆਂ ਨੇ ਸਰਕਾਰ ਦਾ ਸਮਰਥਨ ਕੀਤਾ।
ਭਾਰਤੀ ਹਸਤੀਆਂ ਵੱਲ਼ੋਂ ਸਰਕਾਰ ਦੇ ਹੱਕ ਵੀ ਲਗਾਤਾਰ ਟਵੀਟ ਕੀਤੇ ਜਾ ਰਹੇ ਹਨ। ਇਸ ਦੌਰਾਨ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਰਤ ਦੇ ਅਕਸ ਨੂੰ ਨੁਕਸਾਨ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਹੋਇਆ ਹੈ। ਇਹ ਕ੍ਰਿਕਟਰਾਂ ਦੇ ਟਵੀਟ ਨਾਲ ਠੀਕ ਨਹੀਂ ਹੋਵੇਗਾ।
ਉਹਨਾਂ ਟਵੀਟ ਕੀਤਾ, ‘ਭਾਰਤ ਸਰਕਾਰ ਲਈ ਭਾਰਤੀ ਹਸਤੀਆਂ ਵੱਲੋਂ ਪੱਛਮੀ ਹਸਤੀਆਂ ‘ਤੇ ਪਲਟਵਾਰ ਕਰਨਾ ਸ਼ਰਮਨਾਕ ਹੈ। ਭਾਰਤ ਸਰਕਾਰ ਦੇ ਅੜੀਅਲ ਰਵੱਈਏ ਅਤੇ ਗੈਰ-ਜਮਹੂਰੀ ਵਰਤਾਅ ਨਾਲ ਭਾਰਤ ਦੇ ਅਕਸ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕ੍ਰਿਕਟਰਾਂ ਦੇ ਟਵੀਟ ਨਾਲ ਨਹੀਂ ਹੋ ਸਕਦੀ’।ਦੱਸ ਦਈਏ ਕਿ ਕਿਸਾਨ ਮੁੱਦੇ ‘ਤੇ ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਕਈ ਬਾਲੀਵੁੱਡ ਸਿਤਾਰਿਆਂ ਨੇ ਸਰਕਾਰ ਦੇ ਪੱਖ ‘ਚ ਟਵੀਟ ਕੀਤੇ।
ਇਸ ਦੌਰਾਨ ਅਦਾਕਾਰ ਅਜੈ ਦੇਵਗਨ, ਅਕਸ਼ੈ ਕੁਮਾਰ, ਸੁਨੀਲ ਸ਼ੈਟੀ, ਕਰਨ ਜੋਹਰ ਆਦਿ ਨੇ ਲੋਕਾਂ ਨੂੰ ਇਕਜੁੱਟ ਰਹਿਣ ਲਈ ਕਿਹਾ। ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਪ੍ਰਗਿਆਨ ਓਝਾ, ਰੋਹਿਤ ਸ਼ਰਮਾ ਨੇ ਵੀ ਸਰਕਾਰ ਦਾ ਪੱਖ ਪੂਰਿਆ।