ਮੋਬਾਈਲ ਅਤੇ 350 ਰੁਪਏ ਖੋਹਣ ਦੇ ਮਾਮਲੇ 'ਚ 3 ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੈਕਟਰ-34 ਥਾਣੇ ਦੀ ਪੁਲਿਸ ਨੇ ਤਿੰਨ ਸਾਲ ਪਹਿਲਾਂ ਇਹਨਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

Snatching Case

 

ਚੰਡੀਗੜ੍ਹ: ਮੋਬਾਈਲ ਫ਼ੋਨ ਅਤੇ 350 ਰੁਪਏ ਖੋਹਣ ਦੇ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ 3 ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨਾਂ 'ਤੇ 11-11 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸਜ਼ਾ ਸੁਣਾਏ ਗਏ ਮੁਲਜ਼ਮਾਂ ਵਿਚ ਰਾਜਾ ਰਾਮ ਵਾਸੀ ਬੁੜੈਲ, ਸੋਹੇਲ ਉਰਫ ਛੋਟੂ ਅਤੇ ਅਜੈ ਵਾਸੀ ਜੁਝਾਰ ਨਗਰ ਮੁਹਾਲੀ ਸ਼ਾਮਲ ਹਨ। ਇਸ ਮਾਮਲੇ ਵਿਚ ਇਕ ਨਾਬਾਲਗ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ ਅਤੇ ਉਸ ਦਾ ਕੇਸ ਜੁਵੇਨਾਈਲ ਕੋਰਟ ਵਿਚ ਚੱਲਿਆ ਸੀ ਪਰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਬਰੀ ਕਰ ਦਿੱਤਾ ਸੀ। ਸੈਕਟਰ-34 ਥਾਣੇ ਦੀ ਪੁਲਿਸ ਨੇ ਤਿੰਨ ਸਾਲ ਪਹਿਲਾਂ ਇਹਨਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਨੇ ਬੁੜੈਲ ਵਾਸੀ ਗੁੱਡੂ ਸ਼ਾਹ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੀਤਾ ਸੀ।

ਇਹ ਵੀ ਪੜ੍ਹੋ: ਪੰਜਾਬ ਵਿਚ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਦੌੜ ’ਚ 39 ਡਿਸਪੈਂਸਰੀਆਂ ਨੂੰ ਲੱਗਿਆ ਤਾਲਾ

ਉਸ ਨੇ ਸ਼ਿਕਾਇਤ ਵਿਚ ਦੱਸਿਆ ਕਿ 14 ਮਾਰਚ 2020 ਦੀ ਰਾਤ ਨੂੰ ਉਹ ਆਪਣੇ ਦੋਸਤ ਕਮਲੇਸ਼ ਨਾਲ ਘੁੰਮ ਰਿਹਾ ਸੀ। ਰਾਤ ਕਰੀਬ 11:30 ਵਜੇ ਚਾਰ ਲੜਕਿਆਂ ਨੇ ਉਸ ਨੂੰ ਘੇਰ ਲਿਆ। ਮੁਲਜ਼ਮਾਂ ਨੇ ਦੋਵਾਂ ਨੂੰ ਗਲੇ ਤੋਂ ਫੜ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮ ਉਸ ਦੇ ਦੋ ਮੋਬਾਈਲ ਫੋਨ ਅਤੇ ਪਰਸ ਖੋਹ ਕੇ ਫਰਾਰ ਹੋ ਗਏ। ਪਰਸ ਵਿਚ 350 ਰੁਪਏ, ਏਟੀਐਮ ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਸਨ।

ਇਹ ਵੀ ਪੜ੍ਹੋ: ਸਪਨਾ ਚੌਧਰੀ ਖ਼ਿਲਾਫ਼ FIR ਦਰਜ, ਭਰਜਾਈ ਨੇ ਪਰਿਵਾਰ ’ਤੇ ਲਗਾਏ ਕਰੇਟਾ ਕਾਰ ਮੰਗਣ ਦੇ ਇਲਜ਼ਾਮ

ਚਾਰ ਸਾਲ ਪਹਿਲਾਂ ਕਾਨੂੰਨ ਵਿਚ ਕੀਤੀ ਗਈ ਸੀ ਸੋਧ

ਦੱਸ ਦੇਈਏ ਕਿ ਸਨੈਚਿੰਗ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ 4 ਸਾਲ ਪਹਿਲਾਂ ਕਾਨੂੰਨ ਵਿਚ ਬਦਲਾਅ ਕੀਤਾ ਸੀ। ਪਹਿਲਾਂ ਸਨੈਚਿੰਗ ਦੇ ਮਾਮਲੇ ਵਿਚ ਪੁਲਿਸ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕਰਦੀ ਸੀ। ਇਸ ਧਾਰਾ ਵਿਚ ਵੱਧ ਤੋਂ ਵੱਧ ਸਜ਼ਾ ਸਿਰਫ਼ 3 ਸਾਲ ਹੈ। ਪਰ 2019 ਵਿਚ ਕਾਨੂੰਨ ਨੂੰ ਬਦਲਦੇ ਹੋਏ ਪੁਲਿਸ ਨੇ ਸਨੈਚਿੰਗ ਦੇ ਮਾਮਲਿਆਂ ਵਿਚ ਆਈਪੀਸੀ ਦੀ ਧਾਰਾ 379 ਏ ਅਤੇ ਬੀ ਦੇ ਤਹਿਤ ਕੇਸ ਦਰਜ ਕਰਨਾ ਸ਼ੁਰੂ ਕਰ ਦਿੱਤਾ। ਇਹ ਦੋਵੇਂ ਧਾਰਾਵਾਂ ਗੈਰ-ਜ਼ਮਾਨਤੀ ਹਨ ਅਤੇ ਇਹਨਾਂ ਵਿਚ ਘੱਟੋ-ਘੱਟ 5 ਸਾਲ ਅਤੇ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੈ।