ਪੰਜਾਬ ਦੇ ਰਾਜਪਾਲ ਵੱਲੋਂ ਸ੍ਰੀ ਗੁਰੂ ਰਵਿਦਾਸ ਜਯੰਤੀ ਮੌਕੇ ਲੋਕਾਂ ਨੂੰ ਵਧਾਈ
ਉਹਨਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਸਾਡੀ ਧਰਤੀ ਦੇ ਮਹਾਨ ਸੰਤਾਂ ਵਿਚੋਂ ਇਕ ਹਨ।
ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਸ੍ਰੀ ਗੁਰੂ ਰਵਿਦਾਸ ਜਯੰਤੀ ਮੌਕੇ ਲੋਕਾਂ ਨੂੰ ਵਧਾਈ ਦਿੱਤੀ। ਰਾਜਪਾਲ ਨੇ ਆਪਣੇ ਸੰਦੇਸ਼ ਵਿਚ ਮਹਾਨ ਸੰਤ ਅਤੇ ਧਰਮ ਸੁਧਾਰਕ ਦੀ ਵਡਿਆਈ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਸਾਡੀ ਧਰਤੀ ਦੇ ਮਹਾਨ ਸੰਤਾਂ ਵਿਚੋਂ ਇਕ ਹਨ। ਉਹਨਾਂ ਨੇ ਦੱਬੇ-ਕੁਚਲੇ ਲੋਕਾਂ ਦਾ ਸਮਰਥਨ ਕੀਤਾ ਅਤੇ ਸਮਾਜ ਵਿਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਅਣਥੱਕ ਯਤਨ ਕੀਤੇ।
ਇਹ ਵੀ ਪੜ੍ਹੋ: ਲੁਧਿਆਣਾ 'ਚ ਪੈਸਿਆਂ ਦੇ ਲੈਣ-ਦੇਣ ਦੇ ਬਹਾਨੇ ਬਜ਼ੁਰਗ ਵਿਅਕਤੀ 'ਤੇ ਹਥੌੜੇ ਨਾਲ ਕੀਤਾ ਹਮਲਾ
ਉਹਨਾਂ ਮਹਾਨ ਸੰਤ ਦੇ ਸ਼ਬਦਾਂ "ਰਾਇਦਾਸ ਮਨੁੱਖ ਨਾ ਜੁੜ ਸਕੇ, ਜਦੋਂ ਤੱਕ ਜਾਤੀ ਨਾ ਜਾਤ" ਨੂੰ ਯਾਦ ਕੀਤਾ ਜਿਸ ਦਾ ਭਾਵ ਜਦੋਂ ਤੱਕ ਜਾਤ-ਪਾਤ ਦੇ ਅਧਾਰ 'ਤੇ ਵਿਤਕਰਾ ਜਾਰੀ ਰਹੇਗਾ, ਲੋਕ ਇਕ ਦੂਜੇ ਨਾਲ ਜੁੜ ਨਹੀਂ ਸਕਣਗੇ ਅਤੇ ਸਮਾਜਿਕ ਸਦਭਾਵਨਾ ਸੰਭਵ ਨਹੀਂ ਹੋਵੇਗੀ; ਸਮਾਜਿਕ ਏਕਤਾ ਸੰਭਵ ਨਹੀਂ ਹੋਵੇਗੀ ਅਤੇ ਸਮਾਜ ਵਿਚ ਸਮਾਨਤਾ ਨਹੀਂ ਹੋਵੇਗੀ। ਰਾਜਪਾਲ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਸੋਚ ਅਨੁਸਾਰ ਜਾਤੀ ਅਤੇ ਵਰਗ ਰਹਿਤ ਸਮਾਜ ਸਿਰਜਣਾ ਦੀ ਲੋੜ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ: ਕਾਂਗਰਸ ਵੱਲੋਂ ਪਾਰਟੀ 'ਚੋਂ ਮੁਅੱਤਲ ਕੀਤੇ ਜਾਣ ਮਗਰੋਂ ਸੰਸਦ ਮੈਂਬਰ ਪ੍ਰਨੀਤ ਕੌਰ ਦਾ ਟਵੀਟ
ਪੁਰੋਹਿਤ ਨੇ ਕਿਹਾ ਕਿ ਆਪਸੀ ਪਿਆਰ, ਦਇਆ, ਸਹਿਣਸ਼ੀਲਤਾ ਅਤੇ ਸਮਾਨਤਾ ਬਾਰੇ ਉਹਨਾਂ ਦੀਆਂ ਸਿੱਖਿਆਵਾਂ ਸਾਨੂੰ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ। ਉਹਨਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਾਨ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ।