ਕੋਰੋਨਾ ਵਾਇਰਸ ਦਾ ਖੌਫ਼, ਈਰਾਨ ਨੇ ਰਿਹਾਅ ਕੀਤੇ 54 ਹਜ਼ਾਰ ਕੈਦੀ
ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ 3127 ਮੌਤਾਂ ਹੋ ਚੁੱਕੀਆਂ ਹਨ।
ਈਰਾਨ- ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਅੰਦਰ ਤੇਜ਼ੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ। ਦੁਨੀਆਂ ਦੇ ਬਾਕੀ ਦੇਸ਼ਾਂ ਤੋਂ ਬਾਅਦ ਹੁਣ ਭਾਰਤ ਵਿਚ ਵੀ ਕੋਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ। ਪਿਛਲੇ ਦਿਨਾਂ ਦੌਰਾਨ ਦਿੱਲੀ ਤੋਂ ਇਲਾਵਾ ਦੇਸ਼ ਦੇ ਹੋਰ ਸ਼ਹਿਰਾਂ ਅੰਦਰ ਵੀ ਕੋਰੋਨਾ ਵਾਇਰਸ ਵਰਗੀਆਂ ਅਲਾਮਤਾਂ ਤੋਂ ਪੀੜਤਾਂ ਦੀ ਪਛਾਣ ਕੀਤੀ ਗਈ ਹੈ।
ਇਸ ਦੇ ਨਾਲ ਹੀ ਈਰਾਨ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਸਥਾਈ ਤੌਰ 'ਤੇ 54 ਹਜ਼ਾਰ ਕੈਦੀ ਰਿਹਾਅ ਕੀਤੇ ਹਨ। ਜੇਲ੍ਹਾਂ ਵਿਚ ਜਿੱਥੇ ਕੈਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਜੇਲ੍ਹਾਂ ਭਰੀਆਂ ਹਨ, ਉਥੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਨਿਆਂ ਪਾਲਿਕਾ ਦੇ ਬੁਲਾਰੇ, ਗੋਲਮੂਸਨ ਇਸਮਾਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਕੈਦੀਆਂ ਦੀ ਜਾਂਚ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਨਮੂਨੇ ਨੈਗਟਿਵ ਪਾਏ ਗਏ ਹਨ।
ਉਨ੍ਹਾਂ ਨੂੰ ਅਸਥਾਈ ਤੌਰ 'ਤੇ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਹੈ। ਹਾਲਾਂਕਿ, 'ਸੁਰੱਖਿਆ ਕੈਦੀ' ਜਿਨ੍ਹਾਂ ਨੂੰ ਪੰਜ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਬ੍ਰਿਟਿਸ਼-ਈਰਾਨੀ ਚੈਰਿਟੀ ਵਰਕਰ ਨਾਜ਼ਨੀਨ ਜ਼ਾਘਰੀ-ਰੈਟਕਲਿਫ ਨੂੰ ਵੀ ਬਹੁਤ ਜਲਦ ਛੱਡ ਦਿੱਤਾ ਜਾਵੇਗਾ। ਨਾਜ਼ਨੀਨ ਦੇ ਪਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਪਤਨੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੈ।
ਫਿਲਹਾਲ ਉਹ ਤਹਿਰਾਨ ਦੀ ਈਵਿਨ ਜੇਲ੍ਹ ਵਿੱਚ ਹੈ। ਹਾਲਾਂਕਿ, ਅਧਿਕਾਰੀਆਂ ਨੇ ਉਸ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਨਾਜ਼ਨੀਨ ਨੂੰ ਜਾਸੂਸੀ ਦੇ ਆਰੋਪਾਂ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 2016 ਵਿੱਚ ਉਸ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ। ਬ੍ਰਿਟੇਨ ਕਹਿੰਦਾ ਰਿਹਾ ਹੈ ਕਿ ਉਹ ਨਿਰਦੋਸ਼ ਹਨ। ਈਰਾਨ ਦੇ ਬਹੁਤ ਸਾਰੇ ਉੱਚ ਅਧਿਕਾਰੀ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹਨ। ਈਰਾਨ ਦੀ ਸੰਸਦ ਦੇ 290 ਮੈਂਬਰਾਂ ਵਿੱਚੋਂ 23 ਦੇ ਨਮੂਨੇ ਪਾਜ਼ੀਟਿਵ ਪਾਏ ਗਏ ਹਨ।
ਦੱਸ ਦਈਏ ਕਿ ਈਰਾਨ ਦੇ ਉਪ ਵਿਦੇਸ਼ ਮੰਤਰੀ ਅਲੀਰੇਜ਼ਾ ਰੇਸੀ ਨੇ ਦੱਸਿਆ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 77 ਹੋ ਗਈ ਹੈ ਅਤੇ ਹੁਣ ਤੱਕ 2336 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਖਾਸ ਗੱਲ ਇਹ ਹੈ ਕਿ ਈਰਾਨ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ 19 ਫਰਵਰੀ ਨੂੰ ਸਾਹਮਣੇ ਆਇਆ ਸੀ। ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ 3127 ਮੌਤਾਂ ਹੋ ਚੁੱਕੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।