ਪ੍ਰੀਖਿਆ ਜਾਂਚ ਦੌਰਾਨ ਸਿੱਖ ਵਿਦਿਆਰਥੀ ਨੇ ਕੀਤੀ ਪਗੜੀ ਉਤਾਰਨ ਦੀ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਧਾਮਨੋਦ ਵਿਚ 12ਵੀਂ ਜਮਾਤ ਦੇ ਇਕ ਸਿੱਖ ਵਿਦਿਆਰਥੀ ਨੂੰ ਸਕੂਲ ਦੀ ਪ੍ਰੀਖਿਆ ਦੌਰਾਨ ਕਥਿਤ ਤੌਰ 'ਤੇ ਜਾਂਚ ਲਈ ਅਪਣੀ ਪਗੜੀ ਉਤਾਰਨ ਲਈ ਕਿਹਾ ਗਿਆ।

Photo

ਮੱਧ ਪ੍ਰਦੇਸ਼: : ਮੱਧ ਪ੍ਰਦੇਸ਼ ਵਿਚ ਧਾਰ ਜ਼ਿਲ੍ਹੇ ਦੇ ਧਾਮਨੋਦ ਵਿਚ 12ਵੀਂ ਜਮਾਤ ਦੇ ਇਕ ਸਿੱਖ ਵਿਦਿਆਰਥੀ ਨੂੰ ਸਕੂਲ ਦੀ ਪ੍ਰੀਖਿਆ ਦੌਰਾਨ ਕਥਿਤ ਤੌਰ 'ਤੇ ਜਾਂਚ ਲਈ ਅਪਣੀ ਪਗੜੀ ਉਤਾਰਨ ਲਈ ਕਿਹਾ ਗਿਆ। ਘਟਨਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਅਧਿਆਪਕਾ ਨੂੰ ਪ੍ਰੀਖਿਆ ਦੀ ਡਿਊਟੀ ਤੋਂ ਹਟਾ ਦਿਤਾ ਗਿਆ ਹੈ।

ਇਹ ਘਟਨਾ ਜ਼ਿਲ੍ਹਾ ਮੁੱਖ ਦਫ਼ਤਰ ਧਾਰ ਤੋਂ ਲੱਗਭਗ 55 ਕਿਲੋਮੀਟਰ ਦੂਰ ਧਾਮਨੋਦ ਕਸਬੇ ਦੇ ਪ੍ਰੀਖਿਆ ਕੇਂਦਰ ਸ਼ਾਸਕੀ ਕੰਨਿਆ ਸਕੂਲ ਵਿਚ ਸੋਮਵਾਰ ਨੂੰ ਹੋਈ। 12ਵੀਂ ਜਮਾਤ ਦੀ ਪ੍ਰੀਖਿਆ ਦੇਣ ਪਹੁੰਚੇ ਸਿੱਖ ਵਿਦਿਆਰਥੀ ਹਰਪਾਲ ਸਿੰਘ ਨੂੰ ਜਾਂਚ ਦੌਰਾਨ ਮਹਿਲਾ ਅਧਿਆਪਕਾ ਨੇ ਪੱਗ ਉਤਾਰਨ ਲਈ ਕਿਹਾ।  

ਵਿਦਿਆਰਥੀ ਨੇ ਸ਼ੁਰੂ ਵਿਚ ਇਸ ਤੋਂ ਇਨਕਾਰ ਕਰ ਦਿਤਾ ਅਤੇ ਕੇਂਦਰ ਦੇ ਇੰਚਾਰਜ ਨਾਲ ਸੰਪਰਕ ਕੀਤਾ। ਇਸ 'ਤੇ ਇੰਚਾਰਜ ਨੇ ਵੀ ਉਸ ਨੂੰ ਪ੍ਰੀਖਿਆ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ। ਵਿਦਿਆਰਥੀ ਹਰਪਾਲ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਉਸ ਦੀ ਪਗੜੀ ਉਤਾਰ ਕੇ ਜਾਂਚ ਕੀਤੀ ਗਈ ਅਤੇ ਫਿਰ ਉਸ ਨੂੰ ਪ੍ਰੀਖਿਆ ਵਿਚ ਬੈਠਣ ਦਿਤਾ ਗਿਆ।

ਆਦਮ ਜਾਤੀ ਕਲਿਆਣ ਵਿਭਾਗ ਦੇ ਅਧਿਕਾਰੀ ਬਰਜੇਸ਼ ਪਾਂਡੇ ਨੇ ਦਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਧਿਅਪਕਾ ਮਮਤਾ ਚੌਰਸੀਆ ਨੂੰ ਪ੍ਰੀਖਿਆ ਡਿਊਟੀ ਤੋਂ ਹਟਾ ਦਿਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।