ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਲਈ ਗਠਿਤ 10 ਮੈਂਬਰੀ ਕਮੇਟੀ 'ਤੇ ਰੋਕ ਲਗਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਪਾਲ ਸਿੰਘ ਚਾਵਲਾ ਨੂੰ ਕਮੇਟੀ 'ਚ ਸ਼ਾਮਲ ਕਰਨ 'ਤੇ ਭਾਰਤ ਨੇ ਪ੍ਗਟਾਇਆ ਸੀ ਇਤਰਾਜ

Kartarpur corridor

ਨਵੀਂ ਦਿੱਲੀ : ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਵਲੋਂ ਗਠਿਤ 10 ਮੈਂਬਰੀ ਕਮੇਟੀ 'ਤੇ ਭਾਰਤ ਵੱਲੋਂ ਪ੍ਰਗਟਾਏ ਇਤਰਾਜ਼ ਮਗਰੋਂ ਪਾਕਿਸਤਾਨ ਨੇ ਕਮੇਟੀ 'ਤੇ ਰੋਕ ਲਗਾ ਦਿੱਤੀ ਗਈ ਹੈ। ਪਾਕਿਸਤਾਨ ਵੱਲੋਂ ਬਣਾਈ ਇਸ ਕਮੇਟੀ 'ਚ ਕੁਝ ਵਿਵਾਦਿਤ ਨਾਂਅ ਹਨ, ਜਿਨ੍ਹਾਂ 'ਚ ਗੋਪਾਲ ਸਿੰਘ ਚਾਵਲਾ ਵੀ ਸ਼ਾਮਲ ਕੀਤਾ ਗਿਆ। ਇਸ ਮਗਰੋਂ ਭਾਰਤ 'ਚ ਕਾਫ਼ੀ ਵਿਰੋਧ ਹੋ ਰਿਹਾ ਸੀ।

ਇਸ ਤੋਂ ਪਹਿਲਾਂ ਕਰਤਾਰਪੁਰ ਲਾਂਘੇ 'ਤੇ ਬੀਤੀ 2 ਅਪ੍ਰੈਲ ਨੂੰ ਹੋਣ ਵਾਲੀ ਬੈਠਕ ਵੀ ਮੁਲਤਵੀ ਕਰ ਦਿੱਤੀ ਸੀ। ਭਾਰਤ ਨੇ ਇਸ ਮਾਮਲੇ ਬਾਰੇ ਪਾਕਿਸਤਾਨ ਦੀ ਕਮੇਟੀ 'ਚ ਖ਼ਾਲਿਸਤਾਨੀ ਪੱਖੀ ਲੀਡਰਾਂ ਦੀ ਮੌਜੂਦਗੀ 'ਤੇ ਸਵਾਲ ਚੁਕਦਿਆਂ ਬੈਠਕ ਨੂੰ ਅੱਗੇ ਪਾ ਦਿਤਾ ਸੀ। ਬੈਠਕ ਮੁਲਤਵੀ ਹੋਣ ਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫ਼ੈਸਲ ਨੇ ਦਿੱਤੀ ਸੀ।

ਦੱਸਣਯੋਗ ਹੈ ਕਿ ਗੋਪਾਲ ਸਿੰਘ ਚਾਵਲਾ ਖ਼ਾਲਿਸਤਾਨੀ ਵੱਖਵਾਦੀ ਨੇਤਾ ਹੈ ਅਤੇ ਭਾਰਤ ਦੀਆਂ ਨਜ਼ਰਾਂ 'ਚ ਉਹ ਅੱਤਵਾਦੀ ਹੈ। ਗੋਪਾਲ ਚਾਵਲਾ 'ਤੇ ਭਾਰਤੀ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਅਤੇ ਹਿੰਸਾ ਫ਼ੈਲਾਉਣ ਦਾ ਦੋਸ਼ ਹੈ। ਖ਼ਾਲਿਸਤਾਨੀ ਗੋਪਾਲ ਚਾਵਲਾ ਦਾ ਇੱਕ ਵੀਡਿਓ ਵੀ ਕਾਫੀ ਵਾਇਰਲ ਹੋਇਆ ਸੀ ਜਿਸ 'ਚ ਉਸ ਨੇ ਪਾਕਿਸਤਾਨੀ ਫ਼ੌਜ ਦੇ ਮੋਢਿਆਂ 'ਤੇ ਸਵਾਰ ਹੁੰਦਿਆਂ ਭਾਰਤ ਨੂੰ ਇੱਟ ਨਾਲ ਇੱਟ ਵਜਾਉਣ ਦੀ ਧਮਕੀ ਦਿੱਤੀ ਸੀ। ਇਸ ਵੀਡਿਓ 'ਚ ਖ਼ਾਲਿਸਤਾਨੀ ਗੋਪਾਲ ਨੇ ਭਾਰਤੀ ਸਿੱਖਾਂ ਨੂੰ ਵਰਗਲਾਉਣ ਦੀ ਕੋਸਿ਼ਸ਼ ਕਰਦਿਆਂ ਖ਼ੁਦ ਨੂੰ ਪਾਕਿਸਤਾਨ ਦਾ ਸੱਚਾ ਦੇਸ਼ ਭਗਤ ਅਤੇ ਕੌਮ ਦਾ ਇੰਕਲਾਬੀ ਨੇਤਾ ਕਰਾਰ ਦਿੱਤਾ ਸੀ।