ਕਰਤਾਰਪੁਰ ਲਾਂਘੇ 'ਤੇ ਭਾਰਤ-ਪਾਕਿ ਵਿਚਾਲੇ 2 ਅਪ੍ਰੈਲ ਨੂੰ ਹੋਣ ਵਾਲੀ ਬੈਠਕ ਮੁਲਤਵੀ
ਪਾਕਿਸਤਾਨ ਕੈਬਨਿਟ ਵਲੋਂ ਗਠਿਤ 10 ਮੈਂਬਰੀ ਕਮੇਟੀ 'ਚ ਗੋਪਾਲ ਚਾਵਲਾ ਨੂੰ ਸ਼ਾਮਲ ਕਰਨ ਕਰ ਕੇ ਭਾਰਤ ਨੇ ਇਤਰਾਜ ਪ੍ਰਗਟਾਇਆ
ਨਵੀਂ ਦਿੱਲੀ : ਭਾਰਤ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਾਕਿਸਤਾਨ ਵਲੋਂ ਗਠਿਤ 10 ਮੈਂਬਰੀ ਕਮੇਟੀ 'ਚ ਅੱਧੇ ਮੈਂਬਰ ਖ਼ਾਲਿਸਤਾਨ ਸਮਰਥਕ ਅਤੇ ਭਾਰਤ ਵਿਰੁੱਧ ਬੋਲਣ ਵਾਲਿਆਂ ਨਾਲ ਭਰ ਲੈਣ ਦੀਆਂ ਰਿਪੋਰਟਾਂ ਤੋਂ ਬਾਅਦ 2 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੀ ਅਗਲੀ ਬੈਠਕ ਨੂੰ ਟਾਲ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਕੋਲ ਆਪਣੀਆਂ ਸੁਰੱਖਿਆ ਚਿੰਤਾਵਾਂ ਨੂੰ ਸਾਂਝੇ ਕਰਦਿਆਂ ਜਵਾਬ ਵੀ ਮੰਗਿਆ ਹੈ। ਬੈਠਕ ਮੁਲਤਵੀ ਹੋਣ ਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਦਿੱਤੀ ਹੈ।
ਅਧਿਕਾਰਕ ਸੂਤਰਾਂ ਮੁਤਾਬਕ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂੰ ਕਰਾਇਆ ਅਤੇ ਕਿਹਾ ਕਿ ਅਗਲੀ ਬੈਠਕ ਦੋ ਅਪ੍ਰੈਲ ਦੀ ਬਜਾਏ ਪਾਕਿਸਤਾਨ ਦਾ ਜਵਾਬ ਮਿਲਣ ਤੋਂ ਬਾਅਦ ਆਪਸ 'ਚ ਤੈਅ ਤਰੀਕ 'ਤੇ ਹੋਵੇਗੀ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਤਕਨੀਕੀ ਵਿਸ਼ਿਆਂ 'ਤੇ ਅਗਲੀ ਬੈਠਕ ਅਪ੍ਰੈਲ ਦੇ ਮੱਧ 'ਚ ਬੁਲਾਉਣ ਦੀ ਗੱਲ ਕਹੀ ਹੈ। ਸੂਤਰਾਂ ਮੁਤਾਬਕ ਤਿੰਨ ਦਿਨ ਪਹਿਲਾਂ ਕਰਤਾਰਪੁਰ ਸਾਹਿਬ 'ਤੇ ਇੱਕ 10 ਮੈਂਬਰੀ ਕਮੇਟੀ ਪਾਕਿਸਤਾਨ ਕੈਬਨਿਟ ਵਲੋਂ ਗਠਿਤ ਕੀਤੀ ਗਈ ਸੀ। ਇਸ ਕਮੇਟੀ 'ਚ ਕੁਝ ਵਿਵਾਦਿਤ ਨਾਂ ਹਨ, ਜਿਨ੍ਹਾਂ 'ਚ ਗੋਪਾਲ ਚਾਵਲਾ ਵੀ ਸ਼ਾਮਲ ਹੈ। ਚਾਵਲਾ ਲਸ਼ਕਰ-ਏ-ਤੋਇਬਾ ਅਤੇ ਬਿਸ਼ੇਨ ਸਿੰਘ ਨਾਲ ਜੁੜਿਆ ਹੋਇਆ ਹੈ।
ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਭਾਰਤ ਇਸ ਲਾਂਘੇ ਨੂੰ ਖੋਲ੍ਹਣ ਦੀ ਆਪਣੀ ਵਚਨਬੱਧਤਾ 'ਤੇ ਕਾਇਮ ਹੈ ਪਰ ਕੌਮੀ ਸੁਰੱਖਿਆ ਅਤੇ ਦੇਸ਼ ਦੀ ਅਖੰਡਤਾ ਨਾਲ ਜੁੜੀਆਂ ਚਿੰਤਾਵਾਂ ਸਭ ਤੋਂ ਉੱਪਰ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਨੇ ਪ੍ਰਸਤਾਵ ਦਿੱਤਾ ਹੈ ਕਿ ਰੋਜ਼ਾਨਾ 5000 ਸ਼ਰਧਾਲੂ ਅਤੇ ਖ਼ਾਸ ਦਿਨਾਂ 'ਤੇ 15,000 ਲੋਕ ਮੱਥਾ ਟੇਕਣ ਲਈ ਜਾਣਗੇ। ਇਨ੍ਹਾਂ ਤੋਂ ਇਲਾਵਾ ਲਾਂਘੇ ਦੀ ਵਰਤੋਂ ਹਰ ਧਰਮ ਦੇ ਲੋਕ ਕਰ ਸਕਦੇ ਹਨ। ਲਾਂਘਾ 'ਓਵਰਸੀਜ਼ ਸਿਟੀਜਨਜ਼ ਆਫ਼ ਇੰਡੀਆ' (ਓ. ਸੀ. ਆਈ.) ਦੇ ਕਾਰਡ ਧਾਰਕਾਂ ਲਈ ਵੀ ਖੁੱਲ੍ਹਾ ਹੋਵੇਗਾ, ਜਿਸ ਲਈ ਪਾਕਿਸਤਾਨ ਰਾਜ਼ੀ ਨਹੀਂ ਹੈ। ਭਾਰਤ ਨੇ ਲਾਂਘੇ ਨੂੰ ਸੱਤੇ ਦਿਨ ਖੁੱਲ੍ਹਾ ਰੱਖਣ ਲਈ ਕਿਹਾ ਹੈ।