ਨਕਸਲੀ ਹਮਲਿਆਂ ਨਾਲੋਂ ਜ਼ਿਆਦਾ ਹੋਰ ਕਾਰਨ ਲੈਂਦੇ ਨੇ CRPF ਜਵਾਨਾਂ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਆਰਪੀਐਫ ਕਰਮਚਾਰੀਆਂ ਦੀ ਇਹਨਾਂ ਕਾਰਨਾਂ ਤੋਂ ਮੌਤ ਨਕਸਲੀ ਹਮਲਿਆਂ ਵਿਚ ਮਾਰੇ ਗਏ ਕਰਮਚਾਰੀਆਂ ਦੀ ਤੁਲਨਾ ਵਿਚ 15 ਗੁਣਾ ਜ਼ਿਆਦਾ ਹੋਈ ਹੈ।

CRPF

ਨਵੀਂ ਦਿੱਲੀ: ਨਕਸਲੀ ਹਮਲਿਆਂ ਦੀ ਤੁਲਨਾ ਵਿਚ ਕੇਂਦਰੀ ਰਿਜ਼ਰਵ ਫੋਰਸ (CRPF) ਦੇ ਜਵਾਨਾਂ ਦੀ ਮੌਤ ਦਿਲ ਦੇ ਦੌਰੇ, ਡਿਪਰੈਸ਼ਨ ਅਤੇ ਮੱਛਰ ਲੜਨ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਮਲੇਰੀਆ ਆਦਿ ਤੋਂ ਜ਼ਿਆਦਾ ਹੋ ਰਹੀ ਹੈ। ਸੀਆਰਪੀਐਫ ਕਰਮਚਾਰੀਆਂ ਦੀ ਇਹਨਾਂ ਕਾਰਨਾਂ ਤੋਂ ਮੌਤ ਨਕਸਲੀ ਹਮਲਿਆਂ ਵਿਚ ਮਾਰੇ ਗਏ ਕਰਮਚਾਰੀਆਂ ਦੀ ਤੁਲਨਾ ਵਿਚ 15 ਗੁਣਾ ਜ਼ਿਆਦਾ ਹੋਈ ਹੈ। ਅਧਿਕਾਰਕ ਅੰਕੜਿਆਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਇਕ ਖਬਰ ਏਜੰਸੀ ਦੀ ਰਿਪੋਰਟ ਵਿਚ ਦਿੱਤੇ ਅੰਕੜਿਆਂ ਅਨੁਸਾਰ 1 ਜਨਵਰੀ 2016 ਤੋਂ 30 ਜੁਲਾਈ 2018 ਤੱਕ ਕੁਲ 1,294 ਸੀਆਰਪੀਐਫ ਜਵਾਨਾਂ ਦੀ ਮੌਤ ਡਿਪਰੈਸ਼ਨ, ਦਿਲ ਦੇ ਦੌਰੇ, ਆਤਮ ਹੱਤਿਆ, ਮਲੇਰੀਆ ਜਾਂ ਡੇਂਗੂ ਅਤੇ ਹੋਰ ਕਾਰਨਾਂ ਤੋਂ ਹੋਈ ਹੈ।ਹਾਲਾਂਕਿ ਇਸੇ ਦੌਰਾਨ 85 ਜਵਾਨ ਨਕਸਲੀ ਹਮਲਿਆਂ ਵਿਚ ਸ਼ਹੀਦ ਹੋਏ। ਇਹ ਅੰਕੜੇ ਸਾਰੇ ਨਕਸਲ ਪ੍ਰਭਾਵਿਤ ਸੂਬਿਆਂ ਦੇ ਹਨ। ਸੀਆਰਪੀਐਫ ਦੇ ਇਹਨਾਂ 1,294 ਕਰਮਚਾਰੀਆਂ ਵਿਚੋਂ 416 ਦੀ ਮੌਤ ਸਾਲ 2016 ਵਿਚ, 635 ਦੀ ਮੌਤ 2017 ਵਿਚ ਅਤੇ 30 ਜੁਲਾਈ 2018 ਤੱਕ 183 ਮੌਤਾਂ ਹੋਈਆਂ ਹਨ।

ਸਾਲ 2016 ਵਿਚ 92 ਜਵਾਨਾਂ ਦੀ ਮੌਤ ਦਿਲ ਦੇ ਦੌਰੇ ਕਾਰਨ, ਪੰਜ ਦੀ ਮੌਤ ਮਲੇਰੀਆ ਜਾਂ ਡੇਂਗੂ ਦੇ ਕਾਰਨ ਅਤੇ 26 ਨੇ ਡਿਪਰੈਸ਼ਨ ਕਾਰਨ ਆਤਮਹੱਤਿਆ ਕਰ ਲਈ ਹੈ ਅਤੇ 352 ਲੋਕਾਂ ਦੀਆਂ ਮੌਤਾਂ ਹੋਰ ਕਾਰਨਾਂ ਕਰਕੇ ਹੋਈਆਂ ਹਨ। ਨਕਸਲੀ ਹਮਲਿਆਂ ਵਿਚੋਂ ਬਿਹਾਰ ‘ਚ 11, ਛੱਤੀਸਗੜ ‘ਚ 19 ਅਤੇ ਝਾਰਖੰਡ ‘ਚ 2 ਸੀਆਰਪੀਐਫ ਜਵਾਨ ਸ਼ਹੀਦ ਹੋਏ ਸੀ।

ਸਾਲ 2017 ਵਿਚ ਦਿਲ ਦੇ ਦੌਰੇ ਨਾਲ 156, ਮਲੇਰੀਆ ਅਤੇ ਡੇਂਗੂ ਨਾਲ 6, ਡਿਪਰੈਸ਼ਨ ਨਾਲ 38 ਅਤੇ ਹੋਰ ਕਾਰਨਾਂ ਕਰਕੇ 435 ਜਵਾਨਾਂ ਦੀ ਮੌਤ ਹੋਈ ਹੈ। ਇਸੇ ਸਾਲ ਨਕਸਲੀ ਹਮਲਿਆਂ ਵਿਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ 40 ਰਹੀ। ਇਹਨਾਂ ਵਿਚੋਂ 39 ਜਵਾਨ ਛੱਤੀਸਗੜ ਸ਼ਹੀਦ ਹੋਏ ਅਤੇ ਇਕ ਮਹਾਰਾਸ਼ਟਰ ਵਿਚ ਸ਼ਹੀਦ ਹੋਇਆ ਸੀ।

30 ਜੁਲਾਈ 2018 ਤੱਕ ਦਿਲ ਦੇ ਦੌਰੇ ਕਾਰਨ 39, ਮਲੇਰੀਆ ਅਤੇ ਡੇਂਗੂ ਕਾਰਨ 1, ਡਿਪਰੈਸ਼ਨ ਕਾਰਨ 19 ਅਤੇ ਹੋਰ ਕਾਰਨਾਂ ਕਰਕੇ 12 ਜਵਾਨਾਂ ਦੀ ਮੌਤ ਹੋ ਗਈ। ਹਾਲਾਂਕਿ ਨਕਸਲੀ ਹਮਲਿਆਂ ਵਿਚ ਸ਼ਹੀਦ ਹੋਏ ਸੀਆਰਪੀਐਫ ਕਰਮਚਾਰੀਆਂ ਦੀ ਗਿਣਤੀ 2016 ਵਿਚ 31 ਰਹੀ। ਸਾਲ 2017 ਵਿਚ 40 ਅਤੇ ਸਾਲ 2018 ਤੋਂ 30 ਜੁਲਾਈ 2018 ਤੱਕ 14 ਜਵਾਨ ਅਜਿਹੇ ਹਮਲਿਆਂ ਵਿਚ ਸ਼ਹੀਦ ਹੋਏ ਸੀ।

 ਦੱਸ ਦਈਏ ਕਿ ਆਂਧਰਾ ਪ੍ਰਦੇਸ਼, ਬਿਹਾਰ, ਛੱਤੀਸਗੜ, ਝਾਰਖੰਡ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਤੇਲੰਗਾਨਾ, ਉਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ 90 ਜ਼ਿਲ੍ਹੇ ਨਕਸਲ ਪ੍ਰਭਾਵਿਤ ਹਨ।