ਜਵਾਨਾਂ ਦੇ ਨਾਮ ’ਤੇ ਵੋਟ ਮੰਗਣ ਤੋਂ ਬਦਤਰ ਕੁੱਝ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਸ਼ਹੀਦਾਂ ਦੇ ਖੂਨ ਨਾਲ ਕੁਰਸੀ ਸਜਾਉਣ ਵਿਚ ਲੱਗੇ ਹਨ?

Varanasi Tofapur CRPF martyr Ramesh Yadav Narendra Modi

ਨਵੀਂ ਦਿੱਲੀ: ਰਮੇਸ਼ ਯਾਦਵ ਬੀਤੀ 14 ਫਰਵਰੀ ਨੂੰ ਜੰਮੂ ਕਸ਼ਮੀਰ ਵਿਚ ਸੀਆਰਪੀਐਫ ਦੇ ਕਾਫਲੇ ’ਤੇ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋ ਗਏ ਸਨ। ਰਮੇਸ਼ ਯਾਦਵ ਕਰੀਬ 18 ਮਹੀਨੇ ਪਹਿਲਾਂ ਸੀਆਰਪੀਐਫ ਵਿਚ ਸ਼ਾਮਲ ਹੋਏ ਸਨ। ਇਕ ਸਾਲ ਦੀ ਸਿਖਲਾਈ ਤੋਂ ਬਾਅਦ 6 ਮਹੀਨੇ ਪਹਿਲਾਂ ਉਹਨਾਂ ਨੂੰ ਨੌਕਰੀ ਮਿਲੀ ਸੀ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਤੋਂ ਪੁਲਵਾਮਾ ਸ਼ਹੀਦਾਂ ਦੇ ਨਾਮ ’ਤੇ ਭਾਜਪਾ ਨੂੰ ਵੋਟ ਦੇਣ ਦੀ ਅਪੀਲ ਕੀਤੀ ਸੀ।

ਪ੍ਰਧਾਨ ਮੰਤਰੀ ਨੇ ਅਪਣੇ ਭਾਸ਼ਣ ਵਿਚ ਕਿਹਾ ਸੀ ਕਿ ਕੀ ਉਹ ਨੌਜਵਾਨ, ਜੋ ਪਹਿਲੀ ਵਾਰ ਵੋਟ ਪਾਉਣਗੇ, ਪੁਲਵਾਮਾ ਸ਼ਹੀਦਾਂ ਲਈ ਭਾਜਪਾ ਨੂੰ ਵੋਟ ਦੇ ਸਕਦੇ ਹਨ। ਜਦੋਂ ਮੋਦੀ ਦੇ ਇਸ ਭਾਸ਼ਣ ਬਾਰੇ ਰਮੇਸ਼ ਯਾਦਵ ਦੇ ਪਰਵਾਰ ਨਾਲ ਗਲ ਕੀਤੀ ਤਾਂ ਉਹਨਾਂ ਨੇ ਇਸ ’ਤੇ ਅਪਣੀ ਰਾਇ ਸਾਂਝੀ ਕੀਤੀ। ਰਮੇਸ਼ ਦੇ ਭਰਾ ਰਾਜੇਸ਼ ਨੇ ਕਿਹਾ ਕਿ ਮੋਦੀ ਕੀ ਬਕਵਾਸ ਕਰ ਰਿਹਾ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆਉਂਦਾ ਹੈ। ਇਹ ਸ਼ਹੀਦਾਂ ਦੇ ਖੂਨੇ ਨਾਲ ਕੁਰਸੀ ਸਜਾਉਣ ਲੱਗੇ ਹੋਏ ਹਨ।

ਉਸ ਨੇ ਅੱਗੇ ਕਿਹਾ ਕਿ ਜਵਾਨਾਂ ਨੇ ਹਵਾਈ ਜਹਾਜ਼ਾਂ ਦੀ ਮੰਗ ਕੀਤੀ ਸੀ ਤਾਂ ਕਿ ਉਹ ਸੁਰੱਖਿਅਤ ਜਗ੍ਹਾ ’ਤੇ ਪਹੁੰਚ ਜਾਣ ਪਰ ਸਰਕਾਰ ਨੇ ਉਹਨਾਂ ਦੀ ਗੱਲ ’ਤੇ ਕੋਈ ਗੌਰ ਨਾ ਕੀਤੀ। ਇਸ ਲਈ ਮੈਂ ਚਾਹੁੰਦਾ ਹਾਂ ਕਿ ਇਸ ਮਾਮਲੇ ’ਤੇ ਸੀਬੀਆਈ ਜਾਂਚ ਹੋਵੇ। ਰਮੇਸ਼ ਯਾਦਵ ਦੀ ਪਤਨੀ ਨੇ ਕਿਹਾ ਕਿ ਮੋਦੀ ਕੋਣ ਹੁੰਦੇ ਹਨ ਸੈਨਾ ਦੇ ਨਾਮ ’ਤੇ ਵੋਟ ਮੰਗਣ ਵਾਲੇ? ਮੇਰਾ ਪਤੀ ਤਾਂ ਇਸ ਦੁਨੀਆ ਵਿਚ ਨਹੀਂ ਹੈ ਉਹ ਤਾਂ ਚਲੇ ਗਏ ਹਨ ਅਤੇ ਅੱਜ ਮੋਦੀ ਉਹਨਾਂ ਦੇ ਨਾਮ ’ਤੇ ਵੋਟ ਮੰਗ ਰਹੇ ਹਨ।

ਜੇਕਰ ਮੋਦੀ ਹਵਾਈ ਜਹਾਜ਼ਾਂ ਦਾ ਇੰਤਜ਼ਾਮ ਕਰ ਦਿੰਦੇ ਤਾਂ ਅੱਜ ਮੇਰਾ ਪਤੀ ਜ਼ਿੰਦਾ ਹੁੰਦਾ। ਫ਼ੌਜ ਦੇ ਨਾਮ ’ਤੇ ਵੋਟ ਮੰਗ ਰਹੇ ਹਨ ਮੋਦੀ, ਮੇਰਾ ਪਤੀ ਵਾਪਸ ਕਰ ਸਕਦੇ ਹਨ। ਜੇ ਉਹ ਵਾਪਸ ਕਰ ਸਕਦੇ ਹਨ ਤਾਂ ਫ਼ੌਜ ਦੇ ਨਾਮ ’ਤੇ ਵੋਟ ਮੰਗਣ। ਪਿੰਡ ਦੇ ਕਿਸਾਨ ਰਾਮਨਾਥ ਪਟੇਲ ਤੋਂ ਜਦੋਂ ਪ੍ਰਧਾਨ ਮੰਤਰੀ ਦੇ ਇਸ ਬਿਆਨ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਹੀਦ ਦੇ ਨਾਮ ’ਤੇ ਅਸੀਂ ਵੋਟ ਕਿਸ ਤਰ੍ਹਾਂ ਦੇ ਸਕਦੇ ਹਾਂ।

ਸ਼ਹੀਦ ਕੀ, ਅਸੀਂ ਕਿਸੇ ਹੋਰ ਦੇ ਨਾਮ ’ਤੇ ਵੀ ਵੋਟ ਨਹੀਂ ਦੇ ਸਕਦੇ। ਮੋਦੀ ਅਪਣਾ ਕੰਮ ਦਿਖਾ ਕੇ ਵੋਟ ਮੰਗਣ। ਜਨਤਾ ਨੂੰ ਜਿਸ ਤਰ੍ਹਾਂ ਠੀਕ ਲੱਗੇਗਾ, ਉਸ ਤਰ੍ਹਾਂ ਦੀ ਵੋਟ ਮਿਲੇਗੀ। ਇੱਥੋਂ ਦੇ ਲੋਕਾਂ ਨੇ ਦਸਿਆ ਕਿ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਘਰ ਆ ਕੇ ਅਧਿਕਾਰੀਆਂ ਨੇ ਵਾਅਦਾ ਕੀਤਾ ਸੀ ਕਿ ਪਿੰਡ ਵਿਚ ਰਮੇਸ਼ ਯਾਦਵ ਦੇ ਨਾਮ ’ਤੇ ਗੇਟ ਬਣਾਇਆ ਜਾਵੇਗਾ ਅਤੇ ਉਹਨਾਂ ਦੇ ਘਰ ਵੱਲ ਜਾਣ ਵਾਲੀ ਸੜਕ ਵੀ ਬਣਾਈ ਜਾਵੇਗੀ।

ਪਰ ਅੱਜ ਕਰੀਬ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਹਨਾਂ ਲਈ ਕੁੱਝ ਨਹੀਂ ਕੀਤਾ ਗਿਆ। ਲੋਕਾਂ ਨੇ ਮੋਦੀ ਦੇ ਵੋਟ ਮੰਗਣੇ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਅਤੇ ਨਾਲ ਹੀ ਕਿਹਾ ਕਿ ਸਾਡੇ ਦੁੱਖ ਵਿਚ ਤਾਂ ਜਨਤਾ ਸਾਡੇ ਨਾਲ ਹੈ ਅਤੇ ਅਸੀਂ ਉਹਨਾਂ ਨਾਲ। ਇਹ ਮੋਦੀ ਕੌਣ ਹੈ।

ਅਸੀਂ ਕਿਸੇ ਆਗੂ ਨੂੰ ਨਹੀਂ ਜਾਣਦੇ। ਸਾਡੇ ਪੁੱਤਰ ਦੇਸ਼ ਲਈ ਸ਼ਹੀਦ ਹੋਏ ਹਨ। ਹੁਣ ਅਸੀਂ ਵੀ ਦੇਸ਼ ਲਈ ਕੁੱਝ ਕਰਾਂਗੇ। ਇਹ ਸਾਡੇ ਦੇਸ਼ ਦੀ ਫ਼ੌਜ ਹੈ, ਮੋਦੀ ਦੀ ਨਹੀਂ ਹੈ। ਦੇਸ਼ ਦੇ ਲੋਕਾਂ ਨੇ ਸਾਡੀ ਮੱਦਦ ਕੀਤੀ ਹੈ, ਅਸੀਂ ਵੀ ਜਨਤਾ ਦੀ ਮੱਦਦ ਕਰਾਂਗੇ, ਕਿਸੇ ਪਾਰਟੀ ਦੇ ਆਗੂ ਦੀ ਨਹੀਂ।