Covid 19 : ਦੇਸ਼ ਚ 'ਕਰੋਨਾ ਪੌਜਟਿਵ' ਮਰੀਜ਼ਾਂ ਦੀ ਗਿਣਤੀ 42,836 ਤੱਕ ਪੁੱਜੀ, 11,762 ਮਰੀਜ਼ ਹੋਏ ਠੀਕ
ਦੇਸ਼ ਵਿਚ ਕਰੋਨਾ ਵਾਇਰਸ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਭਾਵੇਂ ਕਿ ਦੇਸ਼ ਵਿਚ ਲੌਕਡਾਊਨ ਦਾ ਤੀਜ਼ਾ ਪੜਾਅ ਵੀ ਸ਼ੁਰੂ ਹੋ ਚੁੱਕਾ ਹੈ। ਫਿਰ ਵੀ ਕਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸੇ ਤਰ੍ਹਾਂ ਹੁਣ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜ਼ਾਰੀ ਕੀਤੇ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ ਦੌਰਾਨ 2,573 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਉਸੇ ਸਮੇਂ 83 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸ ਦੱਈਏ ਕਿ ਹੁਣ ਤੱਕ ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 42,836 ਤੱਕ ਅੱਪੜ ਚੁੱਕੀ ਹੈ ਅਤੇ ਜਿਨ੍ਹਾਂ ਵਿਚੋਂ 1389 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 11,762 ਇਸ ਬਿਮਾਰੀ ਵਿਚੋਂ ਉਭਰ ਚੁੱਕੇ ਹਨ। ਇਸ ਤੋਂ ਇਲਾਵਾ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਅੱਜ ਦੱਸਿਆ ਕਿ ਕੋਰੋਨਾ ਤੋਂ ਠੀਕ ਹੋਣ ਦੀ ਦਰ ਹੁਣ ਲਗਪਗ 28 ਪ੍ਰਤੀਸ਼ਤ ਹੈ।
ਇਸ ਤੋਂ ਇਲਾਵਾ ਉਨ੍ਹਾਂ ਲੌਕਡਾਊਨ ਦੇ ਇਸ ਤੀਜੇ ਪੜਾਅ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਲੋਕਾਂ ਨੇ ਸਰਕਾਰੀ ਨਿਯਮਾਂ ਦੀ ਪਾਲਣਾ ਨਾ ਕੀਤੀ ਅਤੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਰਿਹਾ ਤਾਂ ਦਿੱਤੀ ਛੂਟਾਂ ਵਾਪਿਸ ਵੀ ਲਈਆਂ ਜਾ ਸਕਦੀਆਂ ਹਨ। ਉਧਰ ਸਿਹਤ ਮੰਤਰਾਲੇ ਨੇ ਕਿਹਾ, "ਕੋਵਿਡ-19 ਦੇ ਮਾਮਲਿਆਂ ‘ਚ ਵਾਧੇ ਦੀ ਰਫਤਾਰ ਹੌਲੀ ਹੋ ਗਈ ਹੈ।
ਜੇ ਅਸੀਂ ਮਿਲ ਕੇ ਕੰਮ ਕਰਾਂਗੇ, ਤਾਂ ਇਹ ਸਿਖਰ ‘ਤੇ ਨਹੀਂ ਪਹੁੰਚੇਗਾ, ਪਰ ਜੇ ਅਸੀਂ ਅਸਫਲ ਰਹਿੰਦੇ ਹਾਂ ਤਾਂ ਕੇਸ ਵੱਧ ਸਕਦੇ ਹਨ।" ਲਵ ਆਗਰਵਾਲ ਨੇ ਕਿਹਾ ਕਿ ਇਹ ਬਿਮਾਰੀ ਅੱਗ ਵਾਂਗੂ ਫੈਲਦੀ ਹੈ ਪਰ ਦੇਸ਼ ਵਿਚ ਲੱਗੇ ਲੌਕਡਾਊਨ ਦੇ ਕਾਰਨ ਅਸੀ ਇਸ ਤੇ ਕਾਫੀ ਕਾਬੂ ਕੀਤਾ ਹੋਇਆ ਹੈ ਇਸ ਲਈ ਲੋਕਾਂ ਨੂੰ ਸਰਕਾਰੀ ਆਦੇਸ਼ਾਂ ਦੀ ਪਾਲਣਾਂ ਕਰਦਿਆਂ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਂਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।