ਦਿੱਲੀ HC ਦੀ ਕੇਂਦਰ ਨੂੰ ਝਾੜ, 'ਤੁਸੀਂ ਅੰਨ੍ਹੇ ਹੋ ਸਕਦੇ ਹੋ, ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ'

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਸੁਝਾਅ ਦਿੱਤਾ ਕਿ ਜਿਵੇਂ ਬਲੱਡ ਬੈਂਕ ਹੁੰਦਾ ਹੈ, ਉਸੇ ਤਰਜ਼ ’ਤੇ ਆਕਸੀਜਨ ਸਿਲੰਡਰ ਬੈਂਕ ਬਣਾਇਆ ਜਾ ਸਕਦਾ ਹੈ

You may be blind, but we are not: HC slams Centre

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਸਬੰਧੀ ਮਾਮਲੇ ’ਤੇ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਉਂਦਿਆਂ ਕਿਹਾ ਕਿ ਤੁਸੀਂ ਅੰਨ੍ਹੇ ਹੋ ਸਕਦੇ ਹੋ ਪਰ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ।

ਇਸ ਦੇ ਨਾਲ ਹੀ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਸੁਝਾਅ ਦਿੱਤਾ ਕਿ ਜਿਵੇਂ ਬਲੱਡ ਬੈਂਕ ਹੁੰਦਾ ਹੈ, ਉਸੇ ਤਰਜ਼ ’ਤੇ ਆਕਸੀਜਨ ਸਿਲੰਡਰ ਬੈਂਕ ਬਣਾਇਆ ਜਾ ਸਕਦਾ ਹੈ, ਜਿੱਥੇ ਲੋਕ ਆਕਸੀਜਨ ਸਿਲੰਡਰ ਜਮਾਂ ਕਰ ਸਕਦੇ ਹਨ ਤੇ ਜਿਨ੍ਹਾਂ ਨੂੰ ਲੋੜ ਹੈ ਉਹ ਉੱਥੋਂ ਸਿਲੰਡਰ ਲੈ ਸਕਦੇ ਹਨ।

ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜਦੋਂ ਲੋਕ ਮਰ ਰਹੇ ਹਨ ਤਾਂ ਇਹ ਇਕ ਭਾਵਨਾਤਮਕ ਮਾਮਲਾ ਹੈ। ਤੁਸੀਂ ਇਸ ’ਤੇ ਅੰਨ੍ਹੇ ਹੋ ਸਕਦੇ ਹੋ ਪਰ ਅਸੀਂ ਅਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ। ਇਹ ਦੁਖਦਾਈ ਹੈ ਕਿ ਦਿੱਲੀ ਵਿਚ ਆਕਸੀਜਨ ਦੀ ਕਮੀ ਕਾਰਨ ਲੋਕਾਂ ਦੀ ਜਾਨ ਜਾ ਰਹੀ ਹੈ।

ਕੋਰਟ ਨੇ ਕਿਹਾ ਤੁਸੀਂ ਇੰਨੇ ਅਸੰਵੇਦਨਸ਼ੀਲ ਕਿਵੇਂ ਹੋ ਸਕਦੇ ਹੋ। ਜੋ ਦਿੱਲੀ ਸਰਕਾਰ ਕਹਿ ਰਹੀ ਹੈ ਉਹ ਸਿਰਫ਼ ਬਿਆਨਬਾਜ਼ੀ ਨਹੀਂ ਹੈ। ਦਰਅਸਲ ਦਿੱਲੀ ਸਰਕਾਰ ਨੇ ਕਿਹਾ ਸੀ ਕਿ ਕੇਂਦਰ ਵੱਲੋਂ ਉਹਨਾਂ ਨੂੰ 590 ਮੀਟ੍ਰਿਕ ਟਨ ਆਕਸੀਜਨ ਦਿੱਤੀ ਜਾਣੀ ਹੈ। ਇਸ ’ਤੇ ਏਐਸਜੀ ਚੇਤਨ ਸ਼ਰਮਾ ਨੇ ਕਿਹਾ ਕਿ ਸਾਨੂੰ ਬਿਆਨਬਾਜ਼ੀ ਵਿਚ ਨਹੀਂ ਆਉਣਾ ਚਾਹੀਦਾ।

ਦਿੱਲੀ ਹਾਈ ਕੋਰਟ ਨੇ ਕਿਹਾ ਕਿ ਅੱਜ ਪੂਰਾ ਦੇਸ਼ ਆਕਸੀਜਨ ਲਈ ਰੋ ਰਿਹਾ ਹੈ। ਇਸ ਦੌਰਾਨ ਅਦਾਲਤ ਨੇ ਕੇਂਦਰ ਨੂੰ ਆਈਆਈਐਮ ਦੇ ਮਾਹਿਰਾਂ ਅਤੇ ਜਾਣਕਾਰਾਂ ਦੀ ਮਦਦ ਲੈਣ ਦੀ ਸਲਾਹ ਦਿੱਤੀ ਹੈ।  ਹਾਈ ਕੋਰਟ ਨੇ ਕਿਹਾ ਕਿ ਜੇਕਰ ਮਹਾਰਾਸ਼ਟਰ ਵਿਚ ਇਸ ਸਮੇਂ ਆਕਸੀਜਨ ਦੀ ਖਪਤ ਘੱਟ ਹੈ ਤਾਂ ਉੱਥੋਂ ਦੇ ਕੁਝ ਟੈਂਕਰ ਦਿੱਲੀ ਭੇਜੇ ਜਾ ਸਕਦੇ ਹਨ।