ਫ਼ਾਨੀ ਤੂਫ਼ਾਨ ਦੇ ਇਕ ਮਹੀਨੇ ਬਾਅਦ ਵੀ ਹਨੇਰੇ ਵਿਚ ਰਹਿ ਰਹੇ ਹਨ ਪੰਜ ਲੱਖ ਲੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੂਫ਼ਾਨ ਕਾਰਨ ਹਾਲੇ ਤਕ ਬਹਾਲ ਨਹੀਂ ਹੋਈ ਬਿਜਲੀ ਦੀ ਸਪਲਾਈ

A Month After Fani, 1.64 Lakh Families Still Without Electricity in Odisha

ਭੁਵਨੇਸ਼ਵਰ : ਲਗਭਗ ਇਕ ਮਹੀਨੇ ਪਹਿਲਾਂ ਓਡੀਸ਼ਾ ਵਿਚ ਭਾਰੀ ਤਬਾਹੀ ਮਚਾਉਣ ਵਾਲੇ ਫ਼ਾਨੀ ਤੂਫ਼ਾਨ ਕਾਰਨ ਸੂਬੇ ਦੇ ਕਈ ਇਲਾਕਿਆਂ ਵਿਚ ਗਈ ਬਿਜਲੀ ਹਾਲੇ ਤਕ ਵੀ ਬਹਾਲ ਨਹੀਂ ਹੋਈ। ਪ੍ਰਭਾਵਤ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਬਹਾਲ ਨਾ ਹੋਣ ਕਾਰਨ 1.64 ਲੱਖ ਪਰਵਾਰਾਂ ਦੇ ਪੰਜ ਲੱਖ ਤੋਂ ਜ਼ਿਆਦਾ ਮੈਂਬਰ ਗਰਮੀ ਅਤੇ ਹਨੇਰੇ ਵਿਚ ਰਹਿਣ ਲਈ ਮਜਬੂਰ ਹਨ। 

ਇਕ ਅਧਿਕਾਰੀ ਨੇ ਦਸਿਆ ਕਿ ਤਿੰਨ ਮਈ ਨੂੰ ਆਏ ਫ਼ਾਨੀ ਤੂਫ਼ਾਨ ਦਾ ਸੱਭ ਤੋਂ ਜ਼ਿਆਦਾ ਮਾੜਾ ਅਸਰ ਪੁਰੀ ਜ਼ਿਲ੍ਹੇ 'ਤੇ ਹੋਇਆ ਜਿਥੇ 2,91,171 ਪ੍ਰਭਾਵਤ ਖਪਤਕਾਰਾਂ ਵਿਚੋਂ ਸਿਰਫ਼ 1,51,889 ਨੂੰ ਹੀ ਮੁੜ ਤੋਂ ਬਿਜਲੀ ਮਿਲ ਸਕੀ ਹੈ।  ਇਸ ਤੂਫ਼ਾਨ ਕਾਰਨ ਸੂਬੇ ਦੇ 14 ਜ਼ਿਲ੍ਹਿਆਂ ਦੇ ਕੁਲ 1.65 ਕਰੋੜ ਪਰਵਾਰ ਪ੍ਰਭਾਵਤ ਹੋਏ ਹਨ। ਇਸ ਤੂਫ਼ਾਨ ਕਾਰਨ ਲਗਭਗ 64 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਸਿਰਫ਼ ਪੁਰੀ ਜ਼ਿਲ੍ਹੇ ਵਿਚ ਹੀ 39 ਲੋਕ ਮਾਰੇ ਗਏ ਸਨ। ਫ਼ਾਨੀ ਚੱਕਰਵਾਤ ਕਾਰਨ ਅੰਗੁਲ, ਢੇਂਕਾਨਾਲ, ਕਟਕ, ਪੁਰੀ, ਨਯਾਗੜ੍ਹ, ਖੁਰਦਾ, ਕੇਂਦਰਪਾੜਾ, ਜਗਤਸਿੰਘਪੁਰਾ ਅਤੇ ਜੈਤੁਪਰ ਵਿਤ ਕਾਫ਼ੀ ਨੁਕਸਾਨ ਹੋਇਆ ਸੀ।

ਓਡੀਸ਼ਾ ਦੇ ਸਕੂਲ ਅਤੇ ਸਾਮੂਹਿਕ ਸਿਖਿਆ ਮੰਤਰੀ ਸਮੀਰ ਰੰਜਨ ਦਾਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਕੂਲਾਂ ਨੂੰ ਛੇਤੀ ਠੀਕ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਗਰਮੀ ਦੀਆਂ ਛੁੱਟੀਆਂ 19 ਮਈ ਨੂੰ ਖ਼ਤਮ ਹੋ ਰਹੀਆਂ ਹਨ। ਪੁਰੀ ਦੇ ਰਹਿਣ ਵਾਲੇ ਦਾਸ ਨੇ ਕਿਹਾ ਕਿ ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਵਿਚ ਬਿਜਲੀ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਕਿ ਲੋਕਾਂ ਨੂੰ ਗਰਮੀ ਅਤੇ ਹਨੇਰੇ ਤੋਂ ਰਾਹਤ ਮਿਲ ਸਕੇ।