'ਫ਼ਾਨੀ' ਤੂਫ਼ਾਨ ਪੀੜਤਾਂ ਲਈ ਲੰਗਰ ਚਲਾ ਰਹੇ ਹਨ ਸਿੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਸੀਹਾ ਬਣੇ ਆਈ. ਟੀ. ਆਈ. ਦੇ ਵਿਦਿਆਰਥੀ ਅਤੇ ਸਿੱਖ ਜੱਥੇਬੰਦੀ

Cyclone Fani: Sikh NGO Serves More Than 45000 People in Odisha

ਪੁਰੀ :  ਜਿੱਥੇ ਕਿਤੇ ਵੀ ਭਿਆਨਕ ਤਬਾਹੀ ਜਾਂ ਕੁਦਰਤੀ ਆਫ਼ਤ ਆ ਜਾਵੇ, ਸਿੱਖ ਉੱਥੇ ਲੋਕਾਂ ਦੀ ਮਦਦ ਲਈ ਖੜ੍ਹੇ ਹੋ ਜਾਂਦੇ ਹਨ। ਸਿੱਖ ਸੰਗਠਨ ਉਦੋਂ ਤਕ ਉਸ ਥਾਂ ਤੋਂ ਪੈਰ ਪਿੱਛੇ ਨਹੀਂ ਮੋੜਦੇ, ਜਦੋਂ ਤਕ ਲੋਕਾਂ ਦੀ ਜ਼ਿੰਦਗੀ ਆਮ ਨਹੀਂ ਹੋ ਜਾਂਦੀ। ਉਡੀਸ਼ਾ ਵਿਚ ਬੀਤੀ 3 ਮਈ ਨੂੰ ਚੱਕਰਵਾਤੀ ਤੂਫ਼ਾਨ 'ਫ਼ਾਨੀ' ਨੇ ਤਬਾਹੀ ਮਚਾਈ, ਜਿਸ ਤੋਂ ਬਾਅਦ ਹਨ੍ਹੇਰੇ ਵਿਚ ਜੀਅ ਰਹੇ ਲੋਕਾਂ ਲਈ ਗ਼ੈਰ ਸਰਕਾਰੀ ਸਿੱਖ ਜੱਥੇਬੰਦੀ ਲਗਾਤਾਰ ਲੰਗਰ ਚਲਾ ਕੇ ਭੁੱਖਿਆ ਨੂੰ ਰਜਾਉਣ ਦਾ ਕੰਮ ਕਰ ਰਹੇ ਹਨ। ਉੱਥੇ ਹੀ ਆਈ. ਟੀ.ਆਈ. ਦੇ ਵਿਦਿਆਰਥੀ ਵੀ ਮਸੀਹਾ ਬਣ ਕੇ ਆਏ ਹਨ। ਉਹ ਘਰ-ਘਰ ਜਾ ਕੇ ਪੱਖੇ, ਟਿਊਬ ਲਾਈਟਾਂ, ਫਰਿੱਜ ਵਰਗੇ ਬਿਜਲੀ ਦੇ ਸਾਮਾਨ ਮੁਫ਼ਤ ਵਿਚ ਠੀਕ ਕਰ ਰਹੇ ਹਨ।

ਇਸ ਵਿਨਾਸ਼ਕਾਰੀ ਤੂਫ਼ਾਨ ਤੋਂ ਬਾਅਦ ਉਡੀਸ਼ਾ ਦਾ ਸ਼ਹਿਰ ਪੁਰੀ ਹਨ੍ਹੇਰੇ ਵਿਚ ਡੁੱਬ ਗਿਆ, ਜਦਕਿ ਭੁਵਨੇਸ਼ਵਰ ਵਿਚ ਬਿਜਲੀ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ। ਪ੍ਰਸ਼ਾਸਨ ਸਾਹਮਣੇ ਚੁਣੌਤੀ ਲੋਕਾਂ ਦੀ ਜ਼ਿੰਦਗੀ ਵਿਚ ਰੌਸ਼ਨੀ ਲਿਆਉਣ ਦੀ ਹੈ, ਅਜਿਹੇ ਵਿਚ ਆਈ. ਆਈ. ਟੀ. ਦੇ 500 ਵਿਦਿਆਰਥੀ ਅਤੇ ਸਿੱਖ ਜੱਥੇਬੰਦੀ ਰੌਸ਼ਨੀ ਦੀ ਕਿਰਨ ਬਣ ਕੇ ਬੌਹੜੇ ਹਨ। ਉਡੀਸ਼ਾ ਖਾਸ ਕਰ ਕੇ ਪੁਰੀ ਵਿਚ ਬਿਜਲੀ ਦੀ ਬਹਾਲੀ ਲਈ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਵੱਡੀ ਗਿਣਤੀ ਵਿਚ ਹੁਨਰਮੰਦ ਕਾਮੇ ਬੁਲਾਏ ਗਏ ਹਨ, ਜਿਨ੍ਹਾਂ ਲਈ ਇਕ ਸਮੇਂ ਦੇ ਖਾਣੇ ਦਾ ਜੁਗਾੜ ਯੂਨਾਈਟੇਡ ਸਿੱਖ ਸੰਗਠਨ ਕਰ ਰਿਹਾ ਹੈ।

ਪਿਛਲੇ 20 ਸਾਲਾਂ ਤੋਂ ਭਾਰਤ, ਆਸਟ੍ਰੇਲੀਆ, ਅਮਰੀਕਾ, ਕੈਨੇਡਾ ਸਮੇਤ 13 ਦੇਸ਼ਾਂ ਵਿਚ ਸਰਗਰਮ ਇਸ ਸੰਗਠਨ ਦੇ 25 ਸਵੈ-ਸੇਵੀ ਪੁਰੀ ਵਿਚ ਸਰਗਰਮ ਹਨ, ਜੋ ਅਪਣਾ ਕੰਮ-ਧੰਦਾ ਛੱਡ ਕੇ 4 ਮਈ ਨੂੰ ਉਡੀਸ਼ਾ ਪਹੁੰਚੇ ਹਨ। ਹਰਜੀਵਨ ਦੀ 15 ਦਿਨ ਦੀ ਬੱਚੀ ਹੈ, ਜਦਕਿ ਗੁਰਪਿੰਦਰ ਸਿੰਘ ਦਾ ਅਜੇ ਨਵਾਂ-ਨਵਾਂ ਵਿਆਹ ਹੋਇਆ ਹੈ ਅਤੇ ਬੈਂਗਲੁਰੂ ਤੋਂ ਇੰਜੀਨੀਅਰ ਮਨਜੀਤ ਸਿੰਘ ਤਾਂ ਨੌਕਰੀ ਤੋਂ ਛੁੱਟੀ ਲੈ ਕੇ ਆਏ ਹਨ। ਮਨਜੀਤ ਨੇ ਦਸਿਆ ਕਿ ਅਸੀਂ ਸੇਵਾ ਕਰ ਰਹੇ ਹਾਂ। ਗੁਰਦੁਆਰੇ ਵਿਚ ਖਾਣਾ ਖੁਦ ਪਕਾਉਂਦੇ ਹਾਂ ਅਤੇ ਪੁਰੀ ਵਿਚ ਅੰਦਰੂਨੀ ਇਲਾਕੇ ਵਿਚ ਵੰਡਦੇ ਹਾਂ।

 


 

ਬਰਨਾਲਾ ਤੋਂ ਆਏ ਪਰਮਿੰਦਰ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਤਾਰਿਨੀ ਦੇਵੀ ਬਸਤੀ ਵਿਚ ਗਏ, ਜਿੱਥੇ ਲੋਕ 3 ਦਿਨ ਤੋਂ ਭੁੱਖੇ ਸਨ। ਇੰਗਲੈਂਡ ਦੇ ਗ਼ੈਰ ਸਰਕਾਰੀ ਜੱਥੇਬੰਦੀ ਖ਼ਾਲਸਾ ਏਡ ਦੇ 12 ਸਮਾਜ ਸੇਵੀ 25 ਸਥਾਨਕ ਲੋਕਾਂ ਨੂੰ ਲੈ ਕੇ ਲਗਾਤਾਰ ਕੰਮ ਵਿਚ ਜੁਟੇ ਹੋਏ ਹਨ। ਇਨ੍ਹਾਂ ਵਿਚ ਕੋਲਕਾਤਾ, ਪੰਜਾਬ, ਜੰਮੂ-ਕਸ਼ਮੀਰ, ਦਿੱਲੀ ਅਤੇ ਦੇਹਰਾਦੂਨ ਤੋਂ ਆਏ ਸਮਾਜ ਸੇਵੀ ਸ਼ਾਮਲ ਹਨ। ਜੰਮੂ ਤੋਂ ਆਏ ਇੰਜੀਨੀਅਰ ਗਗਨਦੀਪ ਸਿੰਘ ਨੇ ਕਿਹਾ ਕਿ ਅਸੀਂ ਅਜੇ ਤਕ 5,000 ਲੋਕਾਂ ਨੂੰ ਲੰਗਰ ਵੰਡ ਚੁੱਕੇ ਹਾਂ।

ਕੋਲਕਾਤਾ ਤੋਂ ਪੀਣ ਦਾ ਪਾਣੀ ਵੀ ਟਰੱਕਾਂ ਵਿਚ ਮੰਗਵਾਇਆ ਹੈ, ਜਦਕਿ ਪੰਜਾਬ ਤੋਂ 1,000 ਮੈਡੀਕਲ ਕਿੱਟਾਂ ਆ ਰਹੀਆਂ ਹਨ, ਜਿਸ ਵਿਚ ਦਵਾਈਆਂ, ਪਾਣੀ ਸਾਫ਼ ਕਰਨ ਦੀਆਂ ਗੋਲੀਆਂ ਅਤੇ ਸੈਨੇਟਰੀ ਨੈਪਕਿਨ ਸ਼ਾਮਲ ਹਨ। ਇਨ੍ਹਾਂ ਸੰਗਠਨਾਂ ਨੂੰ ਰੋਜ਼ ਸਵੇਰੇ ਕਲੈਕਟਰ ਦਫ਼ਤਰ ਤੋਂ ਸੂਚੀ ਮਿਲਦੀ ਹੈ ਕਿ ਉਨ੍ਹਾਂ ਨੂੰ ਕਿਸ ਇਲਾਕੇ ਵਿਚ ਖਾਣੇ ਦਾ ਪ੍ਰਬੰਧ ਕਰਨਾ ਹੈ। ਉਸ ਤੋਂ ਬਾਅਦ ਇਹ ਗੁਰਦੁਆਰੇ ਵਿਚ ਲੰਗਰ ਤਿਆਰ ਕਰਨ ਵਿਚ ਜੁਟ ਜਾਂਦੇ ਹਨ। ਆਨਲਾਈਨ ਅਤੇ ਚੰਦੇ ਤੋਂ ਆਰਥਕ ਮਦਦ ਜੁਟਾ ਰਹੇ ਇਹ ਸੰਗਠਨ ਕੇਰਲ, ਬੰਗਲਾਦੇਸ਼, ਮਿਆਂਮਾਰ ਅਤੇ ਬੰਗਲਾਦੇਸ਼ ਵਿਚ ਵੀ ਕੰਮ ਕਰ ਚੁੱਕੇ ਹਨ। 

ਇਨ੍ਹਾਂ ਤੋਂ ਇਲਾਵਾ ਭੁਵਨੇਸ਼ਵਰ ਵਿਚ ਗੁਰਦੁਆਰਾ ਸਿੰਘ ਸਭਾ ਦਾ 4 ਮਈ ਤੋਂ ਦੁਪਹਿਰ ਅਤੇ ਰਾਤ ਦੇ ਸਮੇਂ ਲੰਗਰ ਚਲ ਰਿਹਾ ਹੈ ਅਤੇ ਰੋਜ਼ਾਨਾ 2,000 ਲੋਕ ਦੁਪਹਿਰ ਨੂੰ ਅਤੇ ਕਰੀਬ 2500 ਲੋਕ ਰਾਤ ਦੇ ਸਮੇਂ ਗੁਰਦੁਆਰੇ ਵਿਚ ਬਣੀ ਖਿਚੜੀ ਅਤੇ ਆਮ ਦੀ ਚਟਨੀ ਖਾ ਰਹੇ ਹਨ। ਗੁਰਦੁਆਰੇ ਵਿਚ 15 ਤੋਂ 20 ਸਮਾਜ ਸੇਵੀ ਔਰਤਾਂ ਅਤੇ ਮਰਦ ਲਗਾਤਾਰ ਸੇਵਾ ਵਿਚ ਲੱਗੇ ਹੋਏ ਹਨ ਅਤੇ ਬਿਜਲੀ, ਪਾਣੀ ਬਹਾਲ ਹੋਣ ਤਕ ਲੰਗਰ ਚੱਲਦਾ ਰਹੇਗਾ।