ਅੰਬੇਦਕਰ ਦੀ ਮੂਰਤੀ ਤੋਂ ਬਾਅਦ ਹੁਣ ਝੂੰਸੀ 'ਚ ਸ਼ਿਵਲਿੰਗ ਤੋੜਿਆ, ਇਲਾਕੇ 'ਚ ਤਣਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲ੍ਹੇ ਵਿਚ ਅੰਬੇਦਕਰ ਦੀ ਮੂਰਤੀ ਤੋੜੇ ਜਾਣ ਦਾ ਮਾਮਲਾ ਅਜੇ ਸੁਲਝ ਨਹੀਂ ਸਕਿਆ ਕਿ ਹੁਣ ਇਕ ਵਾਰ ਫਿਰ...

shivling

ਇਲਾਹਾਬਾਦ : ਉਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲ੍ਹੇ ਵਿਚ ਅੰਬੇਦਕਰ ਦੀ ਮੂਰਤੀ ਤੋੜੇ ਜਾਣ ਦਾ ਮਾਮਲਾ ਅਜੇ ਸੁਲਝ ਨਹੀਂ ਸਕਿਆ ਕਿ ਹੁਣ ਇਕ ਵਾਰ ਫਿਰ ਤੋਂ ਸ਼ਰਾਰਤੀ ਤੱਤਾਂ ਨੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਸ਼ਹਿਰ ਦੇ ਝੂੰਸੀ ਖੇਤਰ ਵਿਚ ਸਥਿਤ ਇਕ ਪਾਰ ਵਿਚ ਸ਼ਰਾਰਤੀ ਅਨਸਰਾਂ ਨੇ ਸ਼ਿਵਲਿੰਗ ਤੋੜ ਦਿਤਾ ਹੈ। ਸ਼ਿਵਲਿੰਗ ਪਾਰਕ ਵਿਚ ਸਥਾਪਿਤ ਕੀਤਾ ਗਿਆ ਸੀ ਅਤੇ ਹਰ ਦਿਨ ਇਸੇ ਸ਼ਿਵਲਿੰਗ ਦੇ ਕੋਲ ਰਾਸ਼ਟਰੀ ਸਵੈ ਸੇਵਕ ਸੰਘ ਦੀ ਸ਼ਾਖ਼ਾ ਲਗਦੀ ਹੈ। ਬੁਧਵਾਰ ਸਵੇਰੇ ਜਦੋਂ ਸੰਘ ਦੇ ਮੈਂਬਰ ਸ਼ਾਖ਼ਾ ਲਈ ਪਾਰਕ ਵਿਚ ਪਹੁੰਚੇ ਤਾਂ ਸ਼ਿਵਲਿੰਗ ਟੁੱਟਿਆ ਦੇਖ ਕੇ ਹੈਰਾਨ ਰਹਿ ਗਏ।

ਖ਼ਬਰ ਇਲਾਕੇ ਵਿਚ ਫੈਲੀ ਤਾਂ ਆਰਐਸਐਸ ਸਮੇਤ ਹਿੰਦੂ ਸੰਗਠਨਾਂ ਦੇ ਲੋਕ ਮੌਕੇ 'ਤੇ ਇਕੱਠੇ ਹੋਏ। ਇਸ ਦੌਰਾਨ ਐਸਡੀਐਮ ਕਰਛਨਾ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ। ਨਾਲ ਹੀ ਦੂਜਾ ਸ਼ਿਵਲਿੰਗ ਸਥਾਪਿਤ ਕਰਨ ਅਤੇ ਸ਼ਿਵਲਿੰਗ ਤੋੜਨ ਵਾਲਿਆਂ ਵਿਰੁਧ ਕਾਰਵਾਈ ਕਰਨ ਦਾ ਭਰੋਸਾ ਦਿਤਾ ਤਾਂ ਲੋਕ ਸ਼ਾਂਤ ਹੋਏ। ਇਲਾਹਾਬਾਦ ਦੇ ਝੂੰਸੀ ਇਲਾਕੇ ਵਿਚ ਬਸੰਤ ਵਿਹਾਰ ਕਾਲੋਨੀ ਹੈ। ਇਸ ਕਾਲੋਨੀ ਵਿਚ ਪਾਰਕ ਵੀ ਬਣਾਇਆ ਗਿਆ ਹੈ। ਇਸੇ ਸ਼ਿਵਲਿੰਗ ਦੇ ਕੋਲ ਹਰ ਸਵੇਰ ਸੰਘ ਦੀ ਸ਼ਾਖ਼ਾ ਵੀ ਲਗਦੀ ਹੈ।

ਰਾਤ ਨੂੰ ਸ਼ਰਾਰਤੀ ਅਨਸਰਾਂ ਨੇ ਇਸ ਸ਼ਿਵਲਿੰਗ ਨੂੰ ਤੋੜ ਕੇ ਸੁੱਟ ਦਿਤਾ ਅਤੇ ਮਿੱਟੀ ਖੋਦ ਕੇ ਉਪਰ ਸੁੱਟ ਦਿਤੀ। ਸਵੇਰੇ ਜਦੋਂ ਟੁੱਟੇ ਹੋਏ ਸ਼ਿਵਲਿੰਗ 'ਤੇ ਲੋਕਾਂ ਦੀ ਨਜ਼ਰ ਪਈ ਤਾਂ ਹੜਕੰਪ ਮਚ ਗਿਆ ਅਤੇ ਲੋਕਾਂ ਦੀ ਭੀੜ ਇਕੱਠੀ ਹੋਣ ਤੋਂ ਬਾਅਦ ਹੰਗਾਮਾ ਖੜ੍ਹਾ ਹੋ ਗਿਆ।  ਤਣਾਅ ਜ਼ਿਆਦਾ ਵਧਦਾ ਦੇਖ ਕੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਹਮੇਸ਼ਾਂ ਵਾਂਗ ਹੰਗਾਮਾ ਕਰਨ ਵਾਲਿਆਂ ਨੂੰ ਕਾਰਵਾਈ ਕਰਨ ਦਾ ਡਰ ਦਿਖਾਉਣ ਲੱਗੀ। ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਹੋਰ ਵਧ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪਹੁੰਚਣ ਤੋਂ ਬਾਅਦ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸ਼ਾਂਤ ਕੀਤਾ ਗਿਆ

ਅਤੇ ਸਮਝਾਇਆ ਗਿਆ ਕਿ ਇਹ ਕੰਮ ਸ਼ਰਾਰਤੀ ਤੱਤਾਂ ਨੇ ਮਾਹੌਲ ਵਿਗਾੜਨ ਲਈ ਕੀਤਾ ਹੈ। ਇਸ ਲਈ ਸਾਰੇ ਲੋਕ ਸ਼ਾਂਤੀ ਬਣਾਏ ਰੱਖਣ ਵਿਚ ਸਹਿਯੋਗ ਕਰਨ। ਜਦੋਂ ਪੁਲਿਸ ਅਧਿਕਾਰੀਆਂ ਵਲੋਂ ਨਵਾਂ ਸ਼ਿਵਲਿੰਗ ਸਥਾਪਿਤ ਕਰਨ ਅਤੇ ਸ਼ਰਾਰਤੀ ਤੱਤਾਂ ਦੇ ਵਿਰੁਧ ਕਾਰਵਾਈ ਕਰਨ ਦਾ ਭਰੋਸਾ ਦਿਤਾ ਗਿਆ ਤਾਂ ਜਾ ਕੇ ਲੋਕ ਮੰਨੇ। ਫਿਲਹਾਲ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਮਾਹੌਲ ਗਰਮਾਇਆ ਹੋਇਆ ਹੈ। ਦਸ ਦਈਏ ਕਿ ਇਸ ਇਲਾਕੇ ਵਿਚ ਇਕ ਪਾਰਕ ਵਿਚ ਲੱਗੀ ਅੰਬੇਦਕਰ ਦੀ ਮੂਰਤੀ ਨੂੰ ਵੀ ਕੁੱਝ ਮਹੀਨੇ ਪਹਿਲਾਂ ਤੋੜ ਦਿਤਾ ਗਿਆ ਸੀ ਅਤੇ ਉਸ ਮਾਮਲੇ ਵਿਚ ਵੀ ਜਮ ਕੇ ਬਵਾਲ ਹੋਇਆ ਸੀ। ਉਸ ਘਟਨਾ ਤੋਂ ਬਾਅਦ ਇਕ ਵਾਰ ਫਿਰ ਉਸੇ ਤਰ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ।