ਅਫਗਾਨਿਸਤਾਨ ਦੇ ਹਿੰਦੂ ਅਤੇ ਸਿੱਖ ਕਿਸੇ ਅਫਗਾਨੀ ਤੋਂ ਘੱਟ ਦੇਸ਼ ਭਗਤ ਨਹੀਂ : ਅਬਦਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੇ ਇਸ਼ਾਰੇ 'ਤੇ ਤਾਲਿਬਾਨ ਅਫਗਾਨਿਸਤਾਨ ਵਿਚ ਰਹਿ ਰਹੇ ਹਿੰਦੂ ਅਤੇ ਸਿੱਖਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾ ਰਿਹਾ ਹੈ...

Shafi Mohammad Abdali

ਨਵੀਂ ਦਿੱਲੀ : ਪਾਕਿਸਤਾਨ ਦੇ ਇਸ਼ਾਰੇ 'ਤੇ ਤਾਲਿਬਾਨ ਅਫਗਾਨਿਸਤਾਨ ਵਿਚ ਰਹਿ ਰਹੇ ਹਿੰਦੂ ਅਤੇ ਸਿੱਖਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾ ਰਿਹਾ ਹੈ। ਦੋ ਦਿਨ ਪਹਿਲਾਂ ਮਾਰੇ ਗਏ ਸਿੱਖ ਅਤੇ ਹਿੰਦੂ ਸਿਰਫ਼ ਉਥੇ ਰਹਿ ਰਹੇ ਭਾਰਤੀਆਂ ਦੇ ਨੇਤਾ ਹੀ ਨਹੀਂ ਸਨ, ਬਲਕਿ ਅਫ਼ਗਾਨਿਸਤਾਨ ਦੀ ਰਾਜਨੀਤੀ ਵਿਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਸਨ। ਉਹ ਕਿਸੇ ਵੀ ਅਫ਼ਗਾਨੀ ਤੋਂ ਘੱਟ ਦੇਸ਼ ਭਗਤ ਨਹੀਂ ਸਨ। ਉਥੋਂ ਦੇ ਸਿੱਖਾਂ ਅਤੇ ਹਿੰਦੂਆਂ 'ਤੇ ਹਮਲਾ ਅਫਗਾਨਿਸਤਾਨ ਦੀ ਦੇਸ਼ ਭਗਤੀ 'ਤੇ ਹਮਲਾ ਹੈ। ਇਹ ਗੱਲਾਂ ਭਾਰਤ ਵਿਚ ਅਫਗਾਨਿਸਤਾਨ ਦੇ ਰਾਜਦੂਤ ਡਾਕਟਰ ਸ਼ਾਇਦਾ ਮੁਹੰਮਦ ਅਬਦਾਲੀ ਨੇ ਆਖੀਆਂ। 

ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵੱਡੇ ਦੇਸ਼ਾਂ ਦੀ ਆਪਸੀ ਮੁਕਾਬਲੇਬਾਜ਼ੀ ਦਾ ਨੁਕਸਾਨ ਝੱਲ ਰਿਹਾ ਹੈ। ਅਫਗਾਨਿਸਤਾਨ ਦੀ ਸਮੱਸਿਆ ਉਸ ਦੀ ਅਪਣੀ ਨਹੀਂ ਹੈ। ਅਬਦਾਲੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਅਤਿਵਾਦ ਦਾ ਜੋ ਖੇਡ ਚੱਲ ਰਿਹਾ ਹੈ, ਉਸ ਨਾਲ ਪੂਰੀ ਦੁਨੀਆਂ ਪ੍ਰਭਾਵਤ ਹੋਵੇਗੀ। ਇਹ ਹੈਰਾਨੀ ਦੀ ਗੱਲ ਹੈ ਕਿ ਸਾਰਾ ਕੁੱਝ ਜਾਣਦੇ ਬੁੱਝਦੇ ਹੋਏ ਵੀ ਪੂਰੀ ਦੁਨੀਆਂ ਅਫਗਾਨਿਸਤਾਨ ਦੇ ਹਾਲਾਤ 'ਤੇ ਚੁੱਪੀ ਧਾਰੀ ਬੈਠੀ ਹੈ। ਅਜਿਹਾ ਕਿਉਂ?ਅਫਗਾਨਿਸਤਾਨ ਦੀ ਸਥਿਤੀ ਨਾਲ ਭਾਰਤ ਨੂੰ ਸਭ ਤੋਂ ਜ਼ਿਆਦਾ ਚਿੰਤਤ ਹੋਣ ਦੀ ਲੋੜ ਹੈ।

ਇਸ ਨਾਲ ਨਿਪਟਣ ਲਈ ਭਾਰਤ ਨੂੰ ਬਹੁਤ ਕੁੱਝ ਕਰਨਾ ਹੋਵੇਗਾ। ਅਬਦਾਲੀ ਮੁਤਾਬਕ ਇਸ ਨਾਲ ਨਿਪਟਣ ਲਈ ਸਿਰਫ਼ ਭਾਰਤ ਅਤੇ ਅਫਗਾਨਿਸਤਾਨ ਨਹੀਂ ਬਲਕਿ ਪੂਰੀ ਦੁਨੀਆਂ ਨੂੰ ਮਿਲ ਕੇ ਕੁੱਝ ਅਜਿਹਾ ਕਰਨਾ ਹੋਵੇਗਾ ਜੋ ਅੱਜ ਤਕ ਨਹੀਂ ਕੀਤਾ ਗਿਆ ਹੈ। ਉਥੇ ਅਬਦਾਲੀ ਨੇ ਮੰਨਿਆ ਕਿ 90 ਦੇ ਦਹਾਕੇ ਤਕ ਉਥੋਂ ਦੇ ਦੋ ਲੱਖ ਤੋਂ ਜ਼ਿਆਦਾ ਹਿੰਦੂ ਅਤੇ ਸਿੱਖ ਸਨ। ਉਨ੍ਹਾਂ ਕਿਹਾ ਕਿ ਇਹ ਅਫ਼ਸੋਸ ਦੀ ਗੱਲ ਹੈ ਕਿ ਹੁਣ ਅਫ਼ਗਾਨਿਸਤਾਨ ਵਿਚ ਇਨ੍ਹਾਂ ਦੀ ਗਿਣਤੀ ਇਕ ਤੋਂ ਦੋ ਹਜ਼ਾਰ ਹੀ ਰਹਿ ਗਈ ਹੈ। ਇਹ ਵੱਡੇ ਸਾਜਿਸ਼ਾਨਾ ਤਰੀਕੇ ਨਾਲ ਕੀਤਾ ਜਾ ਰਿਹਾ ਹੈ।

ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂਆਂ ਦੀ ਹੱਤਿਆ ਦੀ ਜ਼ਿੰਮੇਵਾਰੀ ਆਈਐਸਆਈਐਸ ਨੇ ਲਈ ਹੈ ਪਰ ਅਬਦਾਲੀ ਦਾ ਮੰਨਣਾ ਹੈ ਕਿ ਇਹ ਸਿਰਫ਼ ਨਾਮ ਦਾ ਉਲਟਫੇਰ ਹੈ। ਅਸਲ ਖਿਡਾਰੀ ਪਾਕਿਸਤਾਨ ਹੈ, ਜਿਸ ਦੇ ਹੱਥ ਵਿਚ ਅਤਿਵਾਦ ਦੀ ਚਾਬੀ ਹੈ। ਉਹ ਉਸ ਹਰ ਨੇਤਾ ਨੂੰ ਨਿਸ਼ਾਨਾ ਬਣਾਉਂਦਾ ਹੈ, ਜੋ ਰਾਜਨੀਤੀ ਦੇ ਸਹਾਰੇ ਅਮਨ ਚੈਨ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਅਤਿਵਾਦ ਦਾ ਕੋਈ ਨਵਾਂ ਰੂਪ ਨਹੀਂ ਹੈ, ਬਲਕਿ ਵੱਡੇ ਤੈਅਸ਼ੁਦਾ ਤਰੀਕੇ ਨਾਲ ਨਾਮ ਬਦਲ ਕੇ ਕੀਤੀ ਜਾਣ ਵਾਲੀ ਕਰਤੂਤ ਹੈ।

ਅਬਦਾਲੀ ਨੇ ਮੰਨਿਆ ਕਿ ਤਾਲਿਬਾਨ ਦੇ ਨਾਲ ਸ਼ਾਂਤੀ ਸਮਝੌਤਾ ਤਾਂ ਹੀ ਸੰਭਵ ਹੈ, ਜਦੋਂ ਅਫਗਾਨਿਸਤਾਨ ਦੇ ਕੋਲ ਪੂਰੀ ਤਾਕਤ ਹੋਵੇ। ਅਫਗਾਨਿਸਤਾਨ ਇਸ ਦੇ ਲਈ ਪ੍ਰਤੀਬੱਧ ਹੈ ਪਰ ਉਸ ਦੇ ਕੋਲ ਫਿਲਹਾਲ ਓਨੀ ਤਾਕਤ ਨਹੀਂ। ਇਸ ਦੇ ਲਈ ਭਾਰਤ ਸਮੇਤ ਦੁਨੀਆਂ ਦੇ ਅਤਿਵਾਦ ਪ੍ਰਭਾਵਤ ਦੇਸ਼ਾਂ ਨੂੰ ਇਕ ਮੰਚ 'ਤੇ ਆਉਣਾ ਹੋਵੇਗਾ। ਉਨ੍ਹਾਂ ਆਖਿਆ ਕਿ ਸਿਰਫ਼ ਇਕ ਦੇਸ਼ ਪਾਕਿਸਤਾਨ ਨੂੰ ਕਾਬੂ ਕਰ ਕੇ ਦੁਨੀਆਂ ਭਰ ਨੂੰ ਅਤਿਵਾਦ ਤੋਂ ਬਚਾਇਆ ਜਾ ਸਕਦਾ ਹੈ। ਅਫਗਾਨਿਸਤਾਨ ਇਸ ਅਤਿਵਾਦ ਦੀ ਕੀਮਤ ਚੁਕਾ ਰਿਹਾ ਹੈ। ਜੇਕਰ ਪੂਰੀ ਦੁਨੀਆਂ ਇਕ ਮੰਚ ਹੇਠਾਂ ਆਉਣ ਲਈ ਤਿਆਰ ਹੈ ਤਾਂ ਅਫਗਾਨਿਸਤਾਨ ਹੋਰ ਵੱਡੀ ਕੀਮਤ ਚੁਕਾਉਣ ਲਈ ਵੀ ਤਿਆਰ ਹੈ ਪਰ ਕਿਸੇ ਨਾ ਕਿਸੇ ਤਰ੍ਹਾਂ ਅਤਿਵਾਦ ਦਾ ਖ਼ਾਤਮਾ ਹੋਣਾ ਚਾਹੀਦਾ ਹੈ।