1 ਸਾਲ ਵਿਚ 1531 ਕਰੋੜ ਰੁਪਏ ਵਧੀ ਕੌਮੀ ਪਾਰਟੀਆਂ ਦੀ ਜਾਇਦਾਦ; ਭਾਜਪਾ ਦੀ ਜਾਇਦਾਦ ’ਚ 1056 ਕਰੋੜ ਦਾ ਵਾਧਾ
ਭਾਜਪਾ ਕੋਲ ਵਿੱਤੀ ਸਾਲ 2020-21 ਵਿਚ 4,990 ਕਰੋੜ ਰੁਪਏ ਦੀ ਜਾਇਦਾਦ ਸੀ ਜੋ 2021-22 ਵਿਚ 21.17 ਫ਼ੀ ਸਦੀ ਵਧ ਕੇ 6,046.81 ਕਰੋੜ ਰੁਪਏ ਹੋ ਗਈ।
ਨਵੀਂ ਦਿੱਲੀ: ਚੋਣ ਸੁਧਾਰਾਂ ਦੀ ਵਕਾਲਤ ਕਰਨ ਵਾਲੀ ਸੰਸਥਾ ‘ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼’ ਨੇ ਅਪਣੀ ਤਾਜ਼ਾ ਰੀਪੋਰਟ ਵਿਚ ਕਿਹਾ ਹੈ ਕਿ ਸਾਲ 2021-22 ਦੌਰਾਨ ਅੱਠ ਰਾਸ਼ਟਰੀ ਪਾਰਟੀਆਂ ਵਲੋਂ ਐਲਾਨੀ ਗਈ ਕੁੱਲ ਜਾਇਦਾਦ ਵਧ ਕੇ 8,829.16 ਕਰੋੜ ਰੁਪਏ ਹੋ ਗਈ ਹੈ, ਜੋ ਸਾਲ 20-21 ਵਿਚ 7,297.62 ਕਰੋੜ ਰੁਪਏ ਸੀ। ਏਡੀਆਰ ਨੇ ਵਿੱਤੀ ਸਾਲ 2020-21 ਅਤੇ 2021-22 ਲਈ ਅਪਣੀ ਰੀਪੋਰਟ ਵਿਚ ਅੱਠ ਰਾਸ਼ਟਰੀ ਪਾਰਟੀਆਂ ਭਾਰਤੀ ਜਨਤਾ ਪਾਰਟੀ (ਭਾਜਪਾ), ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ), ਬਹੁਜਨ ਸਮਾਜ ਪਾਰਟੀ (ਬੀਐਸਪੀ), ਭਾਰਤੀ ਕਮਿਊਨਿਸਟ ਪਾਰਟੀ ( ਸੀਪੀਆਈ), ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ), ਤ੍ਰਿਣਮੂਲ ਕਾਂਗਰਸ ਅਤੇ ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਦੁਆਰਾ ਘੋਸ਼ਿਤ ਕੀਤੀਆਂ ਗਈਆਂ ਜਾਇਦਾਦਾਂ ਦਾ ਵਿਸ਼ਲੇਸ਼ਣ ਕੀਤਾ ਹੈ।
ਇਹ ਵੀ ਪੜ੍ਹੋ: ਨਸ਼ਿਆਂ ਵਿਰੁਧ ਫੈਸਲਾਕੁੰਨ ਜੰਗ ਦੇ 14 ਮਹੀਨੇ: ਪੰਜਾਬ ਪੁਲਿਸ ਨੇ 2778 ਵੱਡੀਆਂ ਮੱਛੀਆਂ ਸਮੇਤ 19093 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ
ਭਾਜਪਾ ਕੋਲ ਵਿੱਤੀ ਸਾਲ 2020-21 ਵਿਚ 4,990 ਕਰੋੜ ਰੁਪਏ ਦੀ ਜਾਇਦਾਦ ਸੀ ਜੋ 2021-22 ਵਿਚ 21.17 ਫ਼ੀ ਸਦੀ ਵਧ ਕੇ 6,046.81 ਕਰੋੜ ਰੁਪਏ ਹੋ ਗਈ। ਏਡੀਆਰ ਦੇ ਅਨੁਸਾਰ, 2020-21 ਵਿਚ ਕਾਂਗਰਸ ਦੀ ਘੋਸ਼ਿਤ ਜਾਇਦਾਦ 691.11 ਕਰੋੜ ਰੁਪਏ ਸੀ, ਜੋ 2021-22 ਵਿਚ 16.58 ਫ਼ੀ ਸਦੀ ਵੱਧ ਕੇ 805.68 ਕਰੋੜ ਰੁਪਏ ਹੋ ਗਈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਬਸਪਾ ਇਕਲੌਤੀ ਰਾਸ਼ਟਰੀ ਪਾਰਟੀ ਹੈ ਜਿਸ ਨੇ ਅਪਣੀ ਸਾਲਾਨਾ ਘੋਸ਼ਿਤ ਜਾਇਦਾਦ ਵਿਚ ਗਿਰਾਵਟ ਦਿਖਾਈ ਹੈ ।
ਸਾਲ 2020-21 ਅਤੇ 2021-22 ਦੇ ਵਿਚਕਾਰ, ਬਸਪਾ ਦੀ ਕੁੱਲ ਜਾਇਦਾਦ 732.79 ਕਰੋੜ ਰੁਪਏ ਤੋਂ 5.74 ਫ਼ੀ ਸਦੀ ਘੱਟ ਕੇ 690.71 ਕਰੋੜ ਰੁਪਏ ਹੋ ਗਈ।ਏਡੀਆਰ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਕੁੱਲ ਜਾਇਦਾਦ 2020-21 ਵਿਚ 182.001 ਕਰੋੜ ਰੁਪਏ ਸੀ, ਜੋ 151.70 ਫ਼ੀ ਸਦੀ ਵਧ ਕੇ 458.10 ਕਰੋੜ ਰੁਪਏ ਹੋ ਗਈ। ਰਾਸ਼ਟਰੀ ਪਾਰਟੀਆਂ ਦੁਆਰਾ ਘੋਸ਼ਿਤ ਵਿੱਤੀ ਸਾਲ 2020-21 ਲਈ ਕੁੱਲ ਦੇਣਦਾਰੀਆਂ 103.55 ਕਰੋੜ ਰੁਪਏ ਸਨ। ਏਡੀਆਰ ਨੇ ਕਿਹਾ ਕਿ ਕਾਂਗਰਸ ਨੇ ਸੱਭ ਤੋਂ ਵੱਧ 71.58 ਕਰੋੜ ਰੁਪਏ ਦੀਆਂ ਦੇਣਦਾਰੀਆਂ ਦਾ ਐਲਾਨ ਕੀਤਾ। ਇਸ ਤੋਂ ਬਾਅਦ ਸੀਪੀਆਈ (ਐਮ) ਨੇ 16.109 ਕਰੋੜ ਰੁਪਏ ਦੀਆਂ ਦੇਣਦਾਰੀਆਂ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ 'ਆਪ' ਸਰਪੰਚ ਦੇ ਘਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਭੰਨੀਆਂ ਗੱਡੀਆਂ
ਵਿੱਤੀ ਸਾਲ 2021-22 ਲਈ, ਕਾਂਗਰਸ ਫਿਰ 41.95 ਕਰੋੜ ਰੁਪਏ ਦੀਆਂ ਦੇਣਦਾਰੀਆਂ ਦੇ ਨਾਲ ਸਿਖਰ 'ਤੇ ਸੀ, ਇਸ ਤੋਂ ਬਾਅਦ ਸੀਪੀਆਈ (ਐਮ) ਅਤੇ ਭਾਜਪਾ ਨੇ ਕ੍ਰਮਵਾਰ 12.21 ਕਰੋੜ ਅਤੇ 5.17 ਕਰੋੜ ਰੁਪਏ ਦੀਆਂ ਦੇਣਦਾਰੀਆਂ ਘੋਸ਼ਿਤ ਕੀਤੀਆਂ। 2020-21 ਅਤੇ 2021-22 ਦੇ ਵਿਚਕਾਰ, ਪੰਜ ਪਾਰਟੀਆਂ ਨੇ ਦੇਣਦਾਰੀਆਂ ਵਿਚ ਕਟੌਤੀ ਦਾ ਐਲਾਨ ਕੀਤਾ। ਕਾਂਗਰਸ ਨੇ ਅਪਣੀਆਂ ਦੇਣਦਾਰੀਆਂ ਵਿਚ 29.63 ਕਰੋੜ ਰੁਪਏ, ਭਾਜਪਾ ਨੇ 6.03 ਕਰੋੜ ਰੁਪਏ, ਸੀਪੀਆਈ (ਐਮ) ਨੇ 3.89 ਕਰੋੜ ਰੁਪਏ, ਤ੍ਰਿਣਮੂਲ ਨੇ 1.30 ਕਰੋੜ ਰੁਪਏ ਅਤੇ ਐਨਸੀਪੀ ਨੇ 1 ਲੱਖ ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ।