ਦਿੱਲੀ ਤੋਂ ਬਾਅਦ ਹੁਣ ਇਸ ਸੂਬੇ ਵਿਚ ਵੀ ਹੋ ਸਕਦਾ ਹੈ ODD-EVEN ਲਾਗੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਬੈਠਕ ਵਿਚ ਕੀਤੀ ਚਰਚਾ

ODD-EVEN

ਲਖਨਊ : ਜ਼ਹਿਰੀਲੇ ਧੁੰਦ ਦੀ ਮਾਰ ਝੱਲ ਰਹੇ ਉੱਤਰ ਪ੍ਰਦੇਸ਼ ਵਿਚ ਯੋਗੀ ਅਦਿਤਿਆਨਾਥ ਸਰਕਾਰ ਵੀ ਦਿੱਲੀ ਸਰਕਾਰ ਦੀ ਤਰਜ਼ 'ਤੇ ਆਡ-ਈਵਨ ਸਕੀਮ ਨੂੰ ਲਾਗੂ ਕਰਨ ਦੀ ਤਿਆਰੀ ਵਿਚ ਹੈ। ਯੂਪੀ ਸਰਕਾਰ ਦੇ ਜੰਗਲਾਤ ਅਤੇ ਵਾਤਾਵਰਣ ਵਿਭਾਗ ਨੇ ਹਵਾ ਪ੍ਰਦੂਸ਼ਣ ਰੋਕਣ ਦੇ ਲਈ ਪ੍ਰਦੇਸ਼ ਵਿਚ ਆਡ-ਈਵਨ ਸਕੀਮ ਲਾਗੂ ਕਰਨ ਲਈ ਆਵਾਜਾਈ ਵਿਭਾਗ ਅਤੇ ਪੁਲਿਸ ਵਿਭਾਗ ਨੂੰ ਜ਼ਿੰਮੇਵਾਰੀ ਦਿੱਤੀ ਹੈ।

ਜੰਗਲਾਤ ਅਤੇ ਵਾਤਾਵਰਣ ਵਿਭਾਗ ਦੇ ਮੰਤਰੀ ਦਾਰਾ ਸਿੰਘ ਨੇ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਮੁੱਖ ਮੰਤਰੀ ਯੋਗੀ ਅਦਿਤਿਆਨਾਥ  ਦੀ ਪ੍ਰਧਾਨਗੀ ਵਿਚ ਆਡ-ਈਵਨ ਸਕੀਮ 'ਤੇ ਚਰਚਾ ਹੋਈ ਹੈ। ਜੇਕਰ ਪ੍ਰਦੂਸ਼ਣ ਇੱਕ ਦੋ ਦਿਨ ਵਿੱਚ ਘੱਟ ਨਹੀਂ ਹੁੰਦਾ ਤਾਂ ਆਡ-ਈਵਨ ਸਕੀਮ ਨੂੰ ਲਾਗੂ ਕਰਨ ਲਈ ਮੰਜੂਰੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਬੈਠਕ ਵਿਚ ਪ੍ਰਦੂਸ਼ਣ ਨੂੰ ਲੈ ਕੇ ਗੰਭੀਰ ਚਰਚਾ ਹੋਈ। ਪ੍ਰਦੂਸ਼ਣ ਘੱਟ ਕਰਨ ਲਈ ਨਿਰਮਾਣ ਕਾਰਜਾਂ 'ਤੇ ਰੋਕ ਲਗਾਉਣ ਦੇ ਨਾਲ-ਨਾਲ ਕਈ ਮੁੱਦਿਆਂ 'ਤੇ ਚਰਚਾ ਹੋਈ ਜਿਸ ਵਿਚ ਆਡ-ਈਵਨ ਸਕੀਮ ਵੀ ਸ਼ਾਮਲ ਹੈ।

ਦੱਸ ਦਈਏ ਕਿ ਯੂਪੀ ਦੇ ਕਈ ਸ਼ਹਿਰਾਂ ਵਿਚ ਏਅਰ ਕੁਆਲਿਟੀ ਇਨਡੈਕਸ ਖਤਰਨਾਕ ਪੱਧਰ ਉੱਤੇ ਪਹੁੰਚ ਗਿਆ ਹੈ। ਦੇਸ਼ ਦੇ ਸੱਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚ ਯੂਪੀ ਦੇ 7 ਸ਼ਹਿਰ ਸ਼ਾਮਲ ਹਨ, ਜਿਸ ਵਿਚ ਬਾਗਪਤ, ਹਾਪੁੜ, ਮੇਰਠ, ਗ੍ਰੇਟਰ ਨੋਇਡਾ, ਨੋਇਡਾ, ਗਾਜੀਆਬਾਦ ਅਤੇ ਲਖਨਊ ਪ੍ਰਦੂਸ਼ਣ ਦੇ ਮਾਮਲੇ ਵਿਚ ਸਿਖਰ 'ਤੇ ਹਨ। ਇਨ੍ਹਾਂ ਸ਼ਹਿਰਾਂ ਵਿਚ ਹਵਾ ਦੀ ਗੁਣਵਤਾ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਲਖਨਊ ਦੇ ਬਾਜ਼ਾਰ ਵਿਚ ਤਾਂ ਮੂੰਹ ਢੱਕਣ ਲਈ ਮਾਸਕ ਵੀ ਖ਼ਤਮ ਹੋ ਚੁੱਕੇ ਹਨ। ਪਿਛਲੇ ਸੱਤ ਦਿਨਾਂ ਵਿਚ 25 ਹਜ਼ਾਰ ਤੋਂ ਜ਼ਿਆਦਾ ਮਾਸਕ ਵਿੱਕੇ ਹਨ।