1984 'ਚ ਦੇਸ਼ ਦੇ ਲੋਕਾਂ ਨੇ ਹੀ ਦੇਸ਼ ਦੇ ਨਾਗਰਿਕਾਂ ਨੂੰ ਮਾਰਿਆ: ਹਰਪ੍ਰੀਤ ਸਿੰਘ
ਮਹਿਲਾ ਨੇ ਘਰ ਦਾ ਫਰਨੀਚਰ ਤੋੜ ਕੇ ਕੀਤਾ ਸੀ ਪਰਿਵਾਰਕ ਮੈਂਬਰਾਂ ਦਾ ਅੰਤਿਮ ਸਸਕਾਰ
ਨਵੀਂ ਦਿੱਲੀ: ਹਰ ਸਾਲ ਜਦੋਂ ਵੀ ਨਵੰਬਰ ਮਹੀਨਾ ਚੜ੍ਹਦਾ ਹੈ ਤਾਂ 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਦੇ ਜ਼ਖ਼ਮ ਹਰੇ ਹੋ ਜਾਂਦੇ ਹਨ। 38 ਸਾਲ ਬੀਤ ਜਾਣ ਮਗਰੋਂ ਵੀ ਉਹਨਾਂ ਦੀਆਂ ਅੱਖਾਂ ਵਿਚ ਅੱਜ ਵੀ ਉਹੀ ਦਰਦ ਦੇਖਣ ਨੂੰ ਮਿਲਦਾ ਹੈ। 38 ਸਾਲਾਂ ਵਿਚ ਕਈ ਸਰਕਾਰਾਂ ਬਦਲੀਆਂ ਅਤੇ ਆਗੂ ਬਦਲੇ ਪਰ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ। ਰੋਜ਼ਾਨਾ ਸਪੋਕਸਮੈਨ ਅਤੇ ਗਲੋਬਲ ਮਿਡਾਸ ਫਾਊਂਡੇਸ਼ਨ ਵੱਲੋਂ ਇਹਨਾਂ ਪੀੜਤਾਂ ਦਾ ਦਰਦ ਵੰਡਾਉਣ ਦੀ ਸਾਂਝੀ ਕੋਸ਼ਿਸ਼ ਕੀਤੀ ਗਈ।
ਇਸ ਦੇ ਤਹਿਤ 1984 ਸਿੱਖ ਨਸਲਕੁਸ਼ੀ ਦੇ ਕਈ ਮਾਮਲਿਆਂ ਦੀ ਪੈਰਵੀ ਕਰ ਰਹੇ ਐਡਵੋਕੇਟ ਹਰਪ੍ਰੀਤ ਸਿੰਘ ਨਾਲ ਖ਼ਾਸ ਗੱਲਬਾਤ ਹੋਈ।
ਉਹਨਾਂ ਨੇ ਦੱਸਿਆ ਕਿ ਨਸਲਕੁਸ਼ੀ ਪੀੜਤਾਂ ਦੇ ਕਈ ਮਾਮਲੇ ਦਿੱਲੀ ਦੀਆਂ ਜ਼ਿਲ੍ਹਾ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਵਿਚ ਚੱਲ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ 1947 ਵਿਚ ਦੇਸ਼ ਦੀ ਵੰਡ ਹੋਈ ਸੀ ਪਰ 1984 ਵਿਚ ਕੋਈ ਵੰਡ ਨਹੀਂ ਸੀ ਹੋਈ, ਉਦੋਂ ਦੇਸ਼ ਦੇ ਨਾਗਰਿਕਾਂ ਨੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਮਾਰਿਆ। ਜਦੋਂ ਆਪਣਾ ਹੀ ਆਪਣਿਆਂ ਨੂੰ ਮਾਰੇ ਤਾਂ ਇਸ ਤੋਂ ਵੱਡਾ ਮਨੁੱਖਤਾ ਦਾ ਘਾਣ ਕੋਈ ਨਹੀਂ ਹੋ ਸਕਦਾ।
ਹਰਪ੍ਰੀਤ ਸਿੰਘ ਨੇ ਆਪਣਾ ਤਜੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਨਸਲਕੁਸ਼ੀ ਦੇ 38 ਸਾਲਾਂ ਬਾਅਦ ਵੀ ਜਦੋਂ ਅਸੀਂ ਪੀੜਤਾਂ ਨਾਲ ਗੱਲ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਵਿਚ ਵੀ ਹੰਝੂ ਆ ਜਾਂਦੇ ਹਨ। ਉਹਨਾਂ ਦੱਸਿਆ ਕਿ ਇਕ ਕੇਸ ਦੀ ਗਵਾਹ ਮਹਿਲਾ ਨੇ ਦੱਸਿਆ ਕਿ 1984 ਵਿਚ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਰ ਦਿੱਤਾ ਗਿਆ ਤਾਂ ਉਸ ਨੇ ਆਪਣੇ ਘਰ ਦਾ ਫਰਨੀਚਰ ਤੋੜ ਕੇ ਉਹਨਾਂ ਦਾ ਘਰ ਵਿਚ ਹੀ ਅੰਤਿਮ ਸਸਕਾਰ ਕੀਤਾ। ਇਹ ਸਿਰਫ਼ ਇਕ ਮਾਮਲਾ ਹੈ, ਅਜਿਹੇ ਹੋਰ ਵੀ ਹਜ਼ਾਰਾਂ ਮਾਮਲੇ ਹਨ।
ਉਹਨਾਂ ਦੱਸਿਆ ਕਿ ਪੀੜਤਾਂ ਦੀਆਂ ਗੱਲਾਂ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਕੋਈ ਇਨਸਾਨ ਦੂਜੇ ਇਨਸਾਨ ਉੱਤੇ ਇੰਨਾ ਤਸ਼ੱਦਦ ਕਰ ਕਿਵੇਂ ਸਕਦਾ ਹੈ? ਕਿਸੇ ਨੇ ਆਪਣੇ ਪਿਤਾ ਨੂੰ ਮਰਦਿਆਂ ਦੇਖਿਆ ਅਤੇ ਕਿਸੇ ਨੇ ਆਪਣੇ ਪੁੱਤਰ ਨੂੰ ਮਰਦਿਆਂ ਦੇਖਿਆ। ਅਜਿਹਾ ਸੰਤਾਪ ਕਿਸੇ ਮਾਂ ਦਾ ਭੈਣ ਨੂੰ ਨਾ ਹੰਢਾਉਣਾ ਪਵੇ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹਨਾਂ ਪੀੜਤਾਂ ਕੋਲੋਂ ਜਦੋਂ ਅਦਾਲਤ ਵਿਚ ਵਿਟਨਸ ਬਾਕਸ ਵਿਚ ਖੜ੍ਹੇ ਕਰਕੇ ਪੁੱਠੇ-ਸਿੱਧੇ ਸਵਾਲ ਪੁੱਛੇ ਜਾਂਦੇ ਹਨ ਤਾਂ ਬਹੁਤ ਦੁੱਖ ਹੁੰਦਾ ਹੈ। ਇਹ ਬਹੁਤ ਵੱਡੀ ਤ੍ਰਾਸਦੀ ਹੈ।