ਕੌਮੀ ਸਰਵੇ ’ਚ ਪੰਜਾਬ ਨੇ ਮਾਰੀ ਬਾਜ਼ੀ, 928 ਅੰਕਾਂ ਨਾਲ ਪਹਿਲੇ ਸਥਾਨ ’ਤੇ ਪੰਜਾਬ, ਕੇਰਲਾ ਅਤੇ ਮਹਾਰਾਸ਼ਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ, ਕੇਰਲਾ ਅਤੇ ਮਹਾਰਾਸ਼ਟਰ ਨੇ 928 ਅੰਕ ਪ੍ਰਾਪਤ ਕੀਤੇ ਹਨ। ਜਦਕਿ ਚੰਡੀਗੜ੍ਹ ਨੇ 927 ਅੰਕ ਹਾਸਲ ਕੀਤੇ।

Punjab Students

 

ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰਾਲੇ ਨੇ ਸਾਲ 2020-21 ਲਈ ਸੂਬਿਆਂ ਦੇ ਸਕੂਲਾਂ ਦੀ ਕਾਰਗੁਜ਼ਾਰੀ ਬਾਰੇ ਪੀਜੀਆਈ ਰਿਪੋਰਟ ਜਾਰੀ ਕੀਤੀ ਹੈ। ਪੰਜਾਬ, ਚੰਡੀਗੜ੍ਹ, ਕੇਰਲ, ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਕੁੱਲ 7 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 901 ਤੋਂ 950 ਦੇ ਵਿਚਕਾਰ ਸਕੋਰ ਕੀਤੇ ਹਨ।

ਪੰਜਾਬ, ਕੇਰਲਾ ਅਤੇ ਮਹਾਰਾਸ਼ਟਰ ਨੇ 928 ਅੰਕ ਪ੍ਰਾਪਤ ਕੀਤੇ ਹਨ। ਜਦਕਿ ਚੰਡੀਗੜ੍ਹ ਨੇ 927 ਅੰਕ ਹਾਸਲ ਕੀਤੇ। ਕੌਮੀ ਸਰਵੇ ’ਚ ਦਿੱਲੀ ਅੱਠਵੇਂ ਨੰਬਰ ’ਤੇ ਹੈ ਜਿਸ ਨੇ 899 ਸਕੋਰ ਪ੍ਰਾਪਤ ਕੀਤੇ ਹਨ। ਇਸ ਸਕੋਰ ਦੇ ਆਧਾਰ 'ਤੇ ਇਹਨਾਂ ਸਾਰੇ ਸੂਬਿਆਂ ਨੂੰ ਲੈਵਲ 2 'ਚ ਸ਼ਾਮਲ ਕੀਤਾ ਗਿਆ ਹੈ। ਕੋਈ ਵੀ ਸੂਬਾ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ 2017-18 ਵਿਚ ਦੂਜੇ ਪੱਧਰ ਤੱਕ ਨਹੀਂ ਪਹੁੰਚ ਸਕਿਆ ਸੀ ਜਦਕਿ ਪਿਛਲੇ ਸਾਲ 5 ਸੂਬੇ ਹੀ ਇਸ ਲੈਵਲ ’ਤੇ ਸੀ। ਇਸ ਦੇ ਨਾਲ ਹੀ ਲਗਾਤਾਰ ਚੌਥੇ ਸਾਲ ਕੋਈ ਸੂਬਾ ਲੈਵਲ-1 ਤੱਕ ਨਹੀਂ ਪਹੁੰਚ ਸਕਿਆ। ਇਸ ਦੇ ਲਈ 951-1000 ਸਕੋਰ ਨਹੀਂ ਕਰ ਸਕਿਆ।

ਇਸ ਤੋਂ ਇਲਾਵਾ ਕੌਮੀ ਸਰਵੇ ’ਚ ‘ਬੱਚਿਆਂ ਦੇ ਸਿੱਖਣ ਅਤੇ ਗੁਣਵੱਤਾ’ ਦੇ 180 ਅੰਕ ਰੱਖੇ ਗਏ ਸਨ ਜਿਨ੍ਹਾਂ ’ਚੋਂ ਪੰਜਾਬ ਨੇ 126 ਅੰਕ ਪ੍ਰਾਪਤ। ਸਕੂਲੀ ਸਿੱਖਿਆ ਦੇ ‘ਬੁਨਿਆਦੀ ਢਾਂਚੇ ਅਤੇ ਸਹੂਲਤਾਂ’ ਦੇ ਕੁੱਲ 150 ਅੰਕਾਂ ’ਚੋਂ ਪੰਜਾਬ ਨੇ 150 ਸਕੋਰ ਹਾਸਲ ਕੀਤੇ ਹਨ। ਇਸੇ ਤਰ੍ਹਾਂ ‘ਸਕੂਲੀ ਸਿੱਖਿਆ ਤੱਕ ਪਹੁੰਚ’ ਦੇ 80 ਅੰਕ ਰੱਖੇ ਗਏ ਹਨ ਜਿਨ੍ਹਾਂ ’ਚੋਂ ਪੰਜਾਬ ਅਤੇ ਦਿੱਲੀ ਦੇ ਬਰਾਬਰ 79-79 ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ‘ਪ੍ਰਬੰਧਕੀ ਸੁਧਾਰ’ ਦੇ 360 ਅੰਕਾਂ ’ਚੋਂ ਪੰਜਾਬ ਨੂੰ 348 ਅੰਕ ਮਿਲੇ ਹਨ ਜਦਕਿ ਦਿੱਲੀ ਨੂੰ 324 ਅੰਕ ਪ੍ਰਾਪਤ ਹੋਏ।