ਇਸ ਸੂਬੇ ਦੇ ਸ਼ਹਿਰੀ ਇਲਾਕਿਆਂ ਵਿਚ ਹੈਲਮੇਟ ਪਾਉਣਾ ਨਹੀਂ ਹੋਵੇਗਾ ਜ਼ਰੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਵਾਜਾਈ ਮੰਤਰੀ ਆਰਸੀ ਫਲਦੂ ਨੇ ਕੀਤਾ ਐਲਾਨ

File Photo

ਅਹਿਮਦਾਬਾਦ :  ਗੁਜਰਾਤ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਹੁਣ ਸ਼ਹਿਰੀ ਇਲਾਕਿਆਂ ਵਿਚ ਦੋ ਪਹੀਆਂ ਵਾਹਨ ਚਲਾਉਣ ਵਾਲੇ ਲੋਕਾਂ ਦੇ ਲਈ ਹੈਲਮੇਟ ਪਾਉਣ ਜ਼ਰੂਰੀ ਨਹੀਂ ਹੋਵੇਗਾ। ਇਸ ਦਾ ਐਲਾਨ ਗੁਜਰਾਤ ਸਰਕਾਰ ਦੇ ਅਵਾਜਾਈ ਮੰਤਰੀ ਆਰਸੀ ਫਲਦੂ ਨੇ ਕੀਤਾ। ਇਸ ਫ਼ੈਸਲੇ ਦਾ ਐਲਾਨ ਕਰਦੇ ਹੋਏ ਫਲਦੂ ਨੇ ਕਿਹਾ ਕਿ ਸਾਨੂੰ ਲੋਕਾਂ ਦੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਨਗਰਪਾਲਿਕਾ ਅਤੇ ਨਗਰ ਨਿਗਮ ਦੇ ਇਲਾਕਿਆਂ ਵਿਚ ਹੈਲਮੇਟ ਪਾਉਣ ਵਿਚ ਲੋਕ ਅਸਹਿਜ ਮਹਿਸੂਸ ਕਰ ਰਹੇ ਹਨ ਅਤੇ ਵਿਵਹਾਰਕ ਪਰੇਸ਼ਾਨੀ ਦੀ ਗੱਲ ਕਰ ਰਹੇ ਹਨ।

ਇਸ ਸ਼ਿਕਾਇਤ ਦੇ ਬਾਅਦ ਇਹ ਮੁੱਦਾ ਸਰਕਾਰ ਦੇ ਸਾਹਮਣੇ ਰੱਖਿਆ ਗਿਆ। ਜਿਸ ਤੋਂ ਬਾਅਦ ਬੁੱਧਵਾਰ ਨੂੰ ਕੈਬੀਨੇਟ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਨਗਰਪਾਲਿਕਾ ਅਤੇ ਨਗਰਨਿਗਮ ਦੇ ਖੇਤਰ ਵਿਚ ਲੋਕ ਆਪਣੀ ਇੱਛਾ ਮੁਤਾਬਕ ਹੈਲਮੇਟ ਪਾ ਸਕਦੇ ਹਨ। ਹਾਲਾਕਿ ਸਰਕਾਰ ਨੇ ਹਾਈਵੇ, ਰਾਸ਼ਟਰੀ ਹਾਈਵੇ ਅਤੇ ਪੰਚਾਇਤੀ ਸੜਕਾਂ ਉੱਤੇ ਹੈਲਮੇਟ ਪਾਉਣਾ ਜਰੂਰੀ ਰੱਖਿਆ ਹੈ।

ਦੱਸ ਦਈਏ ਕਿ ਗੁਜਰਾਤ ਸਰਕਾਰ ਨੇ ਸਤੰਬਰ ਮਹੀਨੇ ਵਿਚ ਕੇਂਦਰ ਵੱਲੋਂ ਪਾਸ ਕੀਤੇ ਮੋਟਰ ਵਹੀਕਲ ਐਕਟ ਵਿਚ ਬਦਲਾਅ ਕਰਦੇ ਹੋਏ ਲੋਕਾਂ ਨੂੰ ਰਾਹਤ ਦੇਣ ਦੀ ਘੋਸਣਾ ਕੀਤੀ ਸੀ। ਐਲਾਨ ਦੇ ਮੁਤਾਬਕ ਬਿਨਾਂ ਹੈਲਮੇਟ 'ਤੇ 1000 ਰੁਪਏ ਦਾ ਥਾਂ 500 ਰੁਪਏ ਜ਼ਰਮਾਨਾ ਹੋਵੇਗਾ। ਇਸ ਤੋਂ ਇਲਾਵਾ ਹੁਣ ਕਾਰ ਬਿਨਾਂ ਸੀਟ ਬੈਲੇਟ ਲਗਾਏ ਚਲਾਉਣ 'ਤੇ 1000 ਰੁਪਏ ਦੀ ਜਗ੍ਹਾਂ 500 ਰੁਪਏ ਜ਼ੁਰਮਾਨਾ ਲੱਗੇਗਾ।

ਗੁਜਰਾਤ ਸਰਕਾਰ ਨੇ ਕੇਂਦਰ ਵੱਲੋਂ ਬਣਾਏ ਗਏ ਐਕਟ ਵਿਚ ਆਮ ਲੋਕਾਂ ਨੂੰ ਹੋ ਰਹੀ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੋਧ ਕਰਨ ਦਾ ਫ਼ੈਸਲਾ ਲਿਆ। ਨਵੇਂ ਵਾਹਨ ਨਿਯਮਾਂ ਮੁਤਾਬਕ ਗੱਡੀ ਚਲਾਉਂਦੇ ਵੇਲੇ ਮੋਬਾਇਲ 'ਤੇ ਗੱਲ ਕਰਦੇ ਹੋਏ ਫੜੇ ਜਾਣ ਤੇ 500 ਰੁਪਏ ਦਾ ਚਲਾਨ ਕੱਟੇਗਾ।